ਮਿਆਂਮਾਰ ਹਿੰਸਾ 'ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ: ਯੂ.ਐਨ

ਖ਼ਬਰਾਂ, ਕੌਮਾਂਤਰੀ



ਸੋਲ, 8 ਸਤੰਬਰ: ਸੰਯੁਕਤ ਰਾਸ਼ਟਰ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਮਿਆਂਮਾਰ ਦੇ ਰਖਾਈਨ ਇਲਾਕੇ 'ਚ ਹੁਣ ਤਕ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ, ਜਿਨ੍ਹਾਂ 'ਚ ਜ਼ਿਆਦਾਤਰ ਰੋਹਿੰਗਿਆ ਮੁਸਲਿਮ ਭਾਈਚਾਰੇ ਦੇ ਲੋਕ ਹਨ। ਇਹ ਗਿਣਤੀ ਸਰਕਾਰੀ ਅੰਕੜਿਆਂ ਤੋਂ ਲਗਭਗ ਦੁੱਗਣੀ ਹੈ। ਮਿਆਂਮਾਰ ਦੇ ਮਨੁੱਖੀ ਅਧਿਕਾਰਾਂ ਦੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਯਾਂਘੀ ਲੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੁਣ ਤਕ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੋਵੇ। ਇਨ੍ਹਾਂ 'ਚ ਦੋਵੇਂ ਪਾਸਿਆਂ ਦੇ ਲੋਕ ਹੋ ਸਕਦੇ ਹਨ ਪਰ ਜ਼ਿਆਦਾ ਵੱਡੀ ਗਿਣਤੀ ਰੋਹਿੰਗਿਆ ਦੀ ਹੋਵੇਗੀ।

ਪਿਛਲੀ ਸਿਰਫ਼ ਦੋ ਹਫ਼ਤਿਆਂ 'ਚ 1,64,000 ਨਾਗਰਿਕ ਭੱਜ ਕੇ ਬੰਗਲਾਦੇਸ਼ ਦੇ ਰਫ਼ਿਊਜ਼ੀ ਕੈਂਪਾਂ 'ਚ ਚਲੇ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਰੋਹਿੰਗਿਆ ਹਨ। ਇਹ ਕੈਂਪ ਪਹਿਲਾਂ ਤੋਂ ਹੀ ਲੋਕਾਂ ਨਾਲ ਖਚਾਖਚ ਭਰੇ ਹੋਏ ਹਨ। ਕਈ ਹੋਰ ਦੀ ਮੌਤ ਰਖਾਇਨ 'ਚ ਹੋ ਰਹੀ ਹਿੰਸਾ ਤੋਂ ਬਚਣ ਲਈ ਭੱਜਣ ਦੌਰਾਨ ਹੋ ਗਈ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਇਹ ਰੋਹਿੰਗਿਆ ਕੱਟੜਵਾਦੀਆਂ ਵਲੋਂ 25 ਅਗੱਸਤ ਨੂੰ ਲੜੀਵਾਰ ਤਰੀਕੇ ਨਾਲ ਸ਼ੁਰੂ ਕੀਤੇ ਗਏ ਹਮਲਿਆਂ ਕਾਰਨ ਫ਼ੌਜ ਦੀ ਜਵਾਬੀ ਕਾਰਵਾਈ ਸ਼ੁਰੂ ਹੋਈ, ਜਿਸ 'ਚ ਸਮੁੱਚੇ ਪਿੰਡ ਜਲ ਗਏ।

ਰੋਹਿੰਗਿਆ ਮੁਸਲਮਾਨਾਂ ਨੂੰ ਬੁੱਧ ਮਤ ਦੇ ਲੋਕਾਂ ਵਾਲੇ ਮਿਆਮਾਂ 'ਚ ਲੰਬੇ ਸਮੇਂ ਤੋਂ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇਸ਼ 'ਚ ਕਈ ਪੀੜ੍ਹੀਆਂ ਤੋਂ ਨਿਵਾਸ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਇਥੋਂ ਦੀ ਨਾਗਰਿਕਤਾ ਤੋਂ ਵਾਂਝੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਆਏ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਤੌਰ 'ਤੇ ਰੱਖਿਆ ਜਾਂਦਾ ਰਿਹਾ ਹੈ। ਲੀ ਵਲੋਂ ਦਿਤੇ ਗਏ ਅੰਕੜੇ ਅਧਿਕਾਰਿਕ ਅੰਕੜਿਆਂ ਤੋਂ ਕਿਤੇ ਜ਼ਿਆਦਾ ਹਨ, ਜਿਸ ਮੁਤਾਬਕ ਮ੍ਰਿਤਕਾਂ ਦੀ ਕੁਲ ਗਿਣਤੀ 475 ਹੀ ਹੈ।

ਅਧਿਕਾਰੀਆਂ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮਿਆਮਾਂ ਵਲੋਂ ਦਸਿਆ ਗਿਆ ਹੈ ਕਿ 25 ਅਗੱਸਤ ਤੋਂ ਹੁਣ ਤਕ ਰੋਹਿੰਗਿਆ ਦੇ 6,600 ਘਰ ਅਤੇ ਗ਼ੈਰ-ਮੁਸਲਿਮ ਲੋਕਾਂ ਦੇ 201 ਘਰ ਜਲ ਕੇ ਖ਼ਾਕ ਹੋ ਗਏ ਹਨ। ਉੁਨ੍ਹਾਂ ਦਸਿਆ ਕਿ ਇਸ ਸੰਘਰਸ਼ 'ਚ 30 ਨਾਗਰਿਕ ਮਾਰੇ ਗਏ, ਜਿਨ੍ਹਾਂ 'ਚ ਸੱਤ ਰੋਹਿੰਗਿਆ, ਸੱਤ ਹਿੰਦੂ ਅਤੇ 16 ਰਖਾਇਨ ਬੁੱਧ ਸ਼ਾਮਲ ਹਨ।

ਮਿਆਮਾਂ ਦੀ ਫ਼ੌਜ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ 430 ਰੋਹਿੰਗਿਆ ਅਤਿਵਾਦੀਆਂ ਨੂੰ ਮਾਰਿਆ ਸੀ। ਅਧਿਕਾਰੀਆਂ ਨੇ ਦਸਿਆ ਸੀ ਕਿ ਅਗੱਸਤ ਦੇ ਹਮਲਿਆਂ 'ਚ 15 ਸੁਰਖਿਆ ਕਰਮੀਆਂ ਦੀ ਵੀ ਮੌਤ ਹੋ ਗਈ ਸੀ ਪਰ ਲੀ ਮੁਤਾਬਕ ਇਹ ਗਿਣਤੀ ਕਾਫ਼ੀ ਘੱਟ ਦੱਸੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੇਰੇ ਵਿਚਾਰ 'ਚ ਇਹ ਵਿਸ਼ਵ ਅਤੇ ਮਿਆਮਾਂ 'ਚ ਹਾਲੀਆ ਸਾਲਾਂ ਦੀ ਸੱਭ ਤੋਂ ਵੱਡੀ ਤ੍ਰਾਸਦੀ ਹੈ।   (ਏਜੰਸੀ)