ਮਿਸਰ ਦੇ ਚਰਚ 'ਚ ਅਤਿਵਾਦੀ ਹਮਲਾ, 10 ਹਲਾਕ

ਖ਼ਬਰਾਂ, ਕੌਮਾਂਤਰੀ

ਕਾਇਰੋ, 29 ਦਸੰਬਰ: ਮਿਸਰ ਵਿਚ ਅਤਿਵਾਦੀਆਂ ਨੇ ਹੇਲਵਾਨ ਸਿਟੀ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਹੈ। ਅਤਿਵਾਦੀਆਂ ਦੀ ਗੋਲੀਬਾਰੀ ਵਿਚ ਹੁਣ ਤਕ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਨ੍ਹਾਂ ਵਿਚ ਦੋ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਅਤਿਵਾਦੀ ਮਾਰਿਆ ਗਿਆ ਹੇ। ਗੋਲੀਬਾਰੀ ਦੌਰਾਨ ਦੂਜਾ ਅਤਿਵਾਦੀ ਬਚ ਕੇ ਭੱਜਣ ਵਿਚ ਕਾਮਯਾਬ ਰਿਹਾ।ਅਤਿਵਾਦੀਆਂ ਨੇ ਹੇਲਵਾਨ ਸਿਟੀ ਦੀ ਮਾਰ ਮੀਨਾ ਚਰਚਾ 'ਤੇ ਗੋਲੀਬਾਰੀ ਕੀਤੀ। ਮਿਸਰ ਦੇ ਅਧਿਕਾਰੀਆਂ ਅਨੁਸਾਰ ਅਤਿਵਾਦੀਆਂ ਨੇ ਚਰਚ ਦੇ ਬਾਹਰ ਡਿਊਟੀ 'ਤੇ ਤੈਨਾਤ ਸੁਰੱਖਿਆ ਕਰਮੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਸ ਵਿਚ ਦੋ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ।

 ਹੁਣ ਤਕ ਕਿਸੀ ਵੀ ਅਤਿਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾ ਨਵੇਂ ਸਾਲ 'ਤੇ ਆਗਾਮੀ 7 ਜਨਵਰੀ ਨੂੰ ਚਰਚ 'ਤੇ ਹੋਣ ਵਾਲੇ ਸਮਾਰੋਹ ਤੋਂ ਪਹਿਲਾਂ ਹੋਇਆ ਹੈ। ਇਕ ਸਥਾਨਕ ਮੀਡੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਹੈਲਵਾਨ ਵਿਚ ਅਤਿਵਾਦੀਆਂ ਨੇ ਇਕ ਚਰਚ 'ਤੇ ਹਮਲਾ ਕੀਤਾ ਤੇ ਇਸ ਗੋਲੀਬਾਰੀ ਵਿਚ 9 ਲੋਕਾਂ ਦੀ ਮੌਤ ਹੋ ਗਈ ਪਰ ਬਾਅਦ ਵਿਚ ਸਿਹਤ ਮੰਤਰਾਲੇ ਨੇ ਅਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਅਤਿਵਾਦੀ ਹਮਲੇ ਵਿਚ 10 ਲੋਕਾਂ ਦੀ ਮੌਤ ਹੋਈ ਹੈ ਤੇ 8 ਹੋਰ ਲੋਕ ਜ਼ਖ਼ਮੀ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਲਈ 10 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ।    (ਪੀ.ਟੀ.ਆਈ)