ਮਨੀਲਾ, 13 ਨਵੰਬਰ : ਆਸਿਆਨ ਸਿਖਰ ਸੰਮੇਲਨ ਤੋਂ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦੁਵੱਲੀ ਗੱਲਬਾਤ ਕੀਤੀ ਅਤੇ ਰਖਿਆ, ਸੁਰੱਖਿਆ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਵਿਚਕਾਰ ਅਹਿਮੀਅਤ ਵਾਲੇ ਭਾਰਤ-ਪ੍ਰਸ਼ਾਂਤ ਖੇਤਰ ਨੂੰ ਮੁਕਤ, ਖੁਲ੍ਹਾ ਅਤੇ ਖ਼ੁਸ਼ਹਾਲ ਰੱਖਣ ਲਈ ਚਹੁੰਧਿਰੀ ਗਠਜੋੜ ਨੂੰ ਆਕਾਰ ਦੇਣ ਦੇ ਮਕਸਦ ਨਾਲ ਕਲ ਹੋਈ ਬੈਠਕ ਮਗਰੋਂ ਦੋਹਾਂ ਆਗੂਆਂ ਵਿਚਕਾਰ ਅੱਜ ਫ਼ਿਲੀਪੀਨ ਦੀ ਰਾਜਧਾਨੀ ਵਿਚ ਇਹ ਬੈਠਕ ਹੋਈ। ਮੰਨਿਆ ਜਾਂਦਾ ਹੈ ਕਿ ਦੋਹਾਂ ਆਗੂਆਂ ਨੇ ਦੁਵੱਲੇ ਹਿਤਾਂ ਦੇ ਕਈ ਹੋਰ ਮੁੱਦਿਆਂ ਦੇ ਨਾਲ-ਨਾਲ ਖੇਤਰ ਵਿਚ ਸੁਰੱਖਿਆ ਮਾਮਲਿਆਂ ਬਾਰੇ ਵੀ ਚਰਚਾ ਕੀਤੀ। ਇਸ ਦੇ ਨਾਲ ਹੀ
ਦੁਵੱਲੇ ਵਪਾਰ ਨੂੰ ਵਧਾਉਣ ਬਾਰੇ ਵੀ ਗੱਲਬਾਤ ਹੋਈ। ਦਖਣੀ ਚੀਨ ਸਾਗਰ ਵਿਚ ਚੀਨ ਦੇ ਤਿੱਖੇ ਹੁੰਦੇ ਹਮਲਾਵਰ ਰੁਖ਼ ਦੇ ਪਿਛੋਕੜ ਵਿਚ ਚਹੁੰਧਿਰੀ ਗਠਜੋੜ ਦੀ ਪਹਿਲ ਕੀਤੀ ਗਈ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਅਮਰੀਕਾ ਭਾਰਤ ਲਈ ਵੱਡੀ ਭੂÎਮਿਕਾ ਦੀ ਵਕਾਲਤ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦੁਆਰਾ 'ਹਿੰਦ ਪ੍ਰਸ਼ਾਂਤ' ਸ਼ਬਦ ਦੀ ਵਰਤੋਂ ਤੋਂ ਇਸ ਗੱਲ ਨੂੰ ਬਲ ਮਿਲਿਆ ਹੈ ਕਿ ਇਸ ਦਾ ਇਸ ਗੱਲ ਨਾਲ ਸਬੰਧ ਹੋ ਸਕਦਾ ਹੈ ਕਿ ਵਾਸ਼ਿੰਗਟਨ ਚੀਨ ਨੂੰ ਜਵਾਬ ਦੇਣ ਲਈ ਦਰਅਸਲ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਦੇ ਕਥਿਤ ਗਠਜੋੜ ਦੀ ਭੂਮਿਕਾ ਦੀ ਤਿਆਰੀ ਕਰ ਰਿਹਾ ਹੈ। ਟਰੰਪ ਨੇ ਕੁੱਝ ਦਿਨ ਪਹਿਲਾਂ ਭਾਰਤ ਦੇ 'ਲਾਮਿਸਾਲ ਵਿਕਾਸ' ਅਤੇ ਮੋਦੀ ਦੀ ਸ਼ਲਾਘਾ ਕੀਤੀ ਸੀ।
(ਪੀ.ਟੀ.ਆਈ.)