ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਹਫਤੇ ਦੇ ਭਾਰਤ ਦੌਰੇ ‘ਤੇ ਹਨ। ਪਰ ਇਸ ਦੌਰਾਨ ਕੈਨੇਡਾ ਦੇ ਮੀਡੀਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੂੰ ਭਾਰਤ ਵਿੱਚ ਉਚਿਤ ਮਾਣ-ਸਨਮਾਨ ਨਹੀਂ ਦਿੱਤਾ ਜਾ ਰਿਹਾ। ਕੈਨੇਡੀਅਨ ਮੀਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ, ਆਬੂਧਾਬੀ ਦੇ ਕ੍ਰਾਉਨ ਪ੍ਰਿੰਸ ਮੁਹੰਮਦ ਬਿਨ ਜਾਯਦ ਨਹਿਯਾਨ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਖੁਦ ਸਵਾਗਤ ਕੀਤਾ ਗਿਆ।
ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਚਿਨਫਿੰਗ, ਸ਼ਿੰਜੋ ਅਬੇ ਅਤੇ ਨੇਤਨਯਾਹੂ ਦੀ ਯਾਤਰਾ ਦੌਰਾਨ ਖੁਦ ਅਹਿਮਦਾਬਾਦ ਗਏ ਸਨ, ਜਦਕਿ ਜਸਟਿਨ ਟਰੂਡੋ ਦੀ ਗੁਜਰਾਤ ਫੇਰੀ ਦੌਰਾਨ ਉਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਕੈਨੇਡਾ ਦੇ ਮੀਡੀਆ ਵਿੱਚ ਅਜਿਹੀ ਚਰਚਾ ਹੋਣ ਤੋਂ ਬਾਅਦ ਮੋਦੀ ਸਰਕਾਰ ਨੂੰ ਆਪਣਾ ਪੱਖ ਰੱਖਣਾ ਪਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਰਾਜ ਮੰਤਰੀ ਨੇ ਕੈਨੇਡੀਅਨ ਪੀਐਮ ਦਾ ਸਵਾਗਤ ਕੀਤਾ ਸੀ। ਜਿੱਥੋਂ ਤੱਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਏਅਰਪੋਰਟ ਉਤੇ ਰਿਸੀਵ ਕਰਨ ਦੀ ਗੱਲ ਹੈ ਤਾਂ ਉਨ੍ਹਾਂ ਨੇ ਕੁੱਝ ਚੋਣਵੇਂ ਵਿਅਕਤੀਆਂ ਦਾ ਪ੍ਰੋਟੋਕੋਲ ਤੋਂ ਹਟ ਕੇ ਸਵਾਗਤ ਕੀਤਾ ਸੀ।
ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਦਾ ਵੀ ਏਅਰਪੋਰਟ ਉਤੇ ਸਵਾਗਤ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਟਰੂਡੋ ਦਿੱਲੀ ਜਾਣਗੇ, ਜਿੱਥੇ ਔਪਚਾਰਿਕ ਸਵਾਗਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਂਝ ਵੀ ਭਾਰਤ ਦੇ ਦੌਰੇ ‘ਤੇ ਆਉਣ ਤੋਂ ਪਹਿਲਾਂ ਸਰਕਾਰ ਨੇ ਟਰੂਡੋ ਨੂੰ ਸਲਾਹ ਦਿੱਤੀ ਸੀ ਕਿ ਉਹ ਪਹਿਲਾਂ ਦਿੱਲੀ ਆਉਣ, ਪਰ ਟਰੂਡੋ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਖੁਦ ਹੀ ਪਹਿਲਾਂ ਹੋਰਨਾਂ ਥਾਵਾਂ ‘ਤੇ ਜਾਣ ਦਾ ਫੈਸਲਾ ਲਿਆ ਸੀ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੂਡੋ ਦੀ ਮੁਲਾਕਾਤ ਨੂੰ ਲੈ ਕੇ ਪਹਿਲਾਂ ਵੱਖ-ਵੱਖ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਕੈਨੇਡੀਅਨ ਮੰਤਰੀਆਂ ਦੇ ਖਾਲਿਸਤਾਨ ਵਿਰੋਧੀ ਬਿਆਨ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਟਰੂਡੋ ਨਾਲ ਮੁਲਾਕਾਤ ਕਰਨ ਵਿੱਚ ਦਿਲਚਸਪੀ ਵਿਖਾਈ। ਬੁੱਧਵਾਰ ਨੂੰ ਜਸਟਿਨ ਟਰੂਡੋ ਆਪਣੇ ਪੰਜਾਬੀ ਵਜੀਰਾਂ ਨਾਲ ਪੰਜਾਬ ਆ ਰਹੇ ਹਨ ਤੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਖੁਦ ਜਸਟਿਨ ਟਰੂਡੋ ਨਾਲ ਮਿਲਣ ਦੀ ਗੱਲ ਕਹੀ ਸੀ।
ਆਪਣੀ ਭਾਰਤ ਫੇਰੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਦੇਸ਼ ਦੇ ਅਲੱਗ-ਅਲੱਗ ਹਿਸਿਆਂ ‘ਚ ਘੁੰਮ ਰਹੇ ਹਨ ਅਤੇ ਭਾਰਤ ਦੀ ਵਿਭਿੰਨਤਾ ਭਰੀ ਸੱਭਿਅਤਾ ਨੂੰ ਨਜ਼ਦੀਕੀ ਨਾਲ ਦੇਖ ਰਹੇ ਹਨ। ਪਿਛਲੇ 2 ਦਿਨਾਂ ਤੋਂ ਟਰੂਡੋ ਪਰਿਵਾਰ ਆਗਰਾ ਦੇ ਤਾਜ ਮਹਿਲ ਫਿਰ ਗੁਜਰਾਤ ਦੇ ਅਕਸ਼ਰ ਧਾਮ ਮੰਦਿਰ ਅਤੇ ਫਿਰ ਮਾਇਆਨਾਗਰੀ ਮੁੰਬਈ ਗਏ। ਮੁੰਬਈ ‘ਚ ਟਰੂਡੋ ਪਰਿਵਾਰ ਕਈ ਵੱਡੇ ਵਪਾਰੀਆਂ ਅਤੇ ਫ਼ਿਲਮੀ ਸਿਤਾਰਿਆਂ ਨੂੰ ਮਿਲੇ। ਅੱਜ ਆਪਣੇ ਦੌਰੇ ਦੇ ਆਖਰੀ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਤੋਂ ਬਾਅਦ ਉਹ ਮੋਦੀ ਨੂੰ ਮਿਲਣਗੇ। ‘ਤੇ ਬਾਅਦ ਦੇ ਵਿਚ ਕਨੇਡਾ ਨੂੰ ਵਾਪਿਸ ਪਰਤਣਗੇ।