ਨਵਾਂ ਪਾਸਪੋਰਟ ਵਿਵਾਦਾਂ ਦੇ ਘੇਰੇ 'ਚ, ਘਰ ਦਾ ਪਤਾ ਨਾ ਹੋਣ ਨਾਲ ਵਧਣਗੀਆਂ ਮੁਸ਼ਕਲਾਂ

ਖ਼ਬਰਾਂ, ਕੌਮਾਂਤਰੀ

ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਨਵਾਂ ਪਾਸਪੋਰਟ ਵਿਵਾਦਾਂ ਦੇ ਘੇਰੇ 'ਚ ਆ ਚੁੱਕਾ ਹੈ। ਪਾਸਪੋਰਟ ਦੇ ਨਵੇਂ ਰੰਗਾਂ ਨੂੰ ਲੈ ਕੇ ਸਿਆਸੀ ਵਿਵਾਦ ਤਾਂ ਖੜ੍ਹਾ ਹੋਇਆ ਹੀ ਹੈ ਪਰ ਇਸ ਨਾਲ ਪਾਸਪੋਰਟ ਦੇ ਆਖਰੀ ਪੇਜ 'ਤੇ ਘਰ ਦਾ ਪਤਾ ਨਾ ਲਿਖੇ ਹੋਣ ਦੇ ਕਾਰਨ ਵੀ ਇਸ ਨੂੰ ਲੈ ਕੇ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਸਰਕਾਰ ਨੇ ਫੈਸਲਾ ਲਿਆ ਹੈ ਕਿ ਪਾਸਪੋਰਟ ਦੇ ਆਖਰੀ ਪੇਜ 'ਤੇ ਬਿਨੈਕਾਰ ਦੇ ਘਰ ਦਾ ਪਤਾ ਲਿਖਿਆ ਹੋਇਆ ਨਹੀਂ ਹੋਵੇਗਾ। 

ਨਾਲ ਹੀ ਆਖਰੀ ਪੇਜ 'ਤੇ ਬਿਨੈਕਾਰ ਦੇ ਪਿਤਾ, ਮਾਤਾ, ਪਤਨੀ ਦਾ ਨਾਂ ਵੀ ਨਹੀਂ ਹੋਵੇਗਾ। ਭਾਵੇਂ ਪਾਸਪੋਰਟ ਦਫਤਰ 'ਚ ਕੰਪਿਊਟਰਾਂ 'ਤੇ ਉਪਰੋਕਤ ਜਾਣਕਾਰੀ ਮੁਹੱਈਆ ਰਹੇਗੀ ਪਰ ਆਖਰੀ ਪੇਜ 'ਤੇ ਘਰ ਦਾ ਪਤਾ ਨਾ ਲਿਖਿਆ ਹੋਣ ਦੇ ਕਾਰਨ ਇਸ ਨੂੰ ਰਿਹਾਇਸ਼ੀ ਪਛਾਣ ਦੇ ਤੌਰ 'ਤੇ ਕਦੇ ਵੀ ਪੇਸ਼ ਨਹੀਂ ਕੀਤਾ ਜਾ ਸਕੇਗਾ। 

ਜਿਨ੍ਹਾਂ ਪਾਸਪੋਰਟ ਧਾਰਕਾਂ ਨੂੰ ਈ. ਸੀ. ਆਰ. ਦਾ ਸਟੇਟਸ ਪ੍ਰਾਪਤ ਹੋਵੇਗਾ ਉਨ੍ਹਾਂ ਨੂੰ ਔਰੇਂਜ ਰੰਗ ਦਾ ਪਾਸਪੋਰਟ ਜਾਰੀ ਹੋਵੇਗਾ ਜਦਕਿ ਨਾਨ ਈ. ਸੀ. ਆਰ. ਸਟੇਟਸ ਵਾਲਿਆਂ ਨੂੰ ਨੀਲੇ ਰੰਗ ਦਾ ਪਾਸਪੋਰਟ ਹੀ ਮਿਲੇਗਾ।ਪਤਾ ਲੱਗਾ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲਾ ਨੇ ਪਾਸਪੋਰਟ ਸਬੰਧੀ ਫੈਸਲਾ ਲੈਣ ਲਈ 3 ਮੈਂਬਰੀ ਕਮੇਟੀ ਦੀ ਸਿਫਾਰਿਸ਼ 'ਤੇ ਅਮਲ ਕੀਤਾ ਹੈ।

ਕਮੇਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ 'ਚ ਜਿਸ ਤਰ੍ਹਾਂ ਲੋਕਾਂ ਨੂੰ ਪਾਸਪੋਰਟ ਜਾਰੀ ਹੁੰਦੇ ਹਨ, ਵੈਸੇ ਹੀ ਪਾਸਪੋਰਟ ਭਾਰਤ 'ਚ ਵਿਦੇਸ਼ ਮੰਤਰਾਲਾ ਨੂੰ ਜਾਰੀ ਕਰਨੇ ਚਾਹੀਦੇ ਹਨ। ਅਜੇ ਪਾਸਪੋਰਟ ਦਫਤਰ 'ਚ ਨਵੇਂ ਪਾਸਪੋਰਟ ਨਹੀਂ ਆਏ ਹਨ ਪਰ ਜਿਵੇਂ ਹੀ ਪੁਰਾਣੇ ਪਾਸਪੋਰਟਾਂ ਦਾ ਸਟਾਕ ਖਤਮ ਹੋ ਜਾਵੇਗਾ ਉਂਝ ਹੀ ਨਵੇਂ ਪਾਸਪੋਰਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। 

ਜਿਨ੍ਹਾਂ ਲੋਕਾਂ ਦੇ ਕੋਲ ਪੁਰਾਣੇ ਪਾਸਪੋਰਟ ਅਜੇ ਕਈ ਸਾਲ ਹੋਰ ਚਲਣੇ ਹਨ ਉਹ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਹੋਣਗੇ। ਸਿਆਸੀ ਹਲਕਿਆਂ 'ਚ ਆਰੇਂਜ ਰੰਗ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਵਾਦ ਪੈਦਾ ਹੋਇਆ ਹੈ। ਔਰੇਂਜ ਰੰਗ ਕਿਉਂਕਿ ਭਾਜਪਾ ਦੇ ਨਿਸ਼ਾਨ ਦੇ ਰੰਗ ਨਾਲ ਵੀ ਜੁੜਿਆ ਹੋਇਆ ਹੈ ਇਸ ਲਈ ਇਸ ਨੂੰ ਲੈ ਕੇ ਕਾਂਗਰਸ 'ਚ ਕਈ ਸਿਆਸੀ ਹਸਤੀਆਂ ਨੇ ਸਵਾਲ ਉਠਾਏ ਹਨ।