ਨਿਊਯਾਰਕ, 1 ਨਵੰਬਰ : ਆਈਐਸਆਈਐਸ ਤੋਂ ਪ੍ਰਭਾਵਤ ਉਜ਼ਬੇਕਿਸਤਾਨ ਦੇ ਨੌਜਵਾਨ ਨੇ 'ਅੱਲਾ ਹੋ ਅਕਬਰ' ਦਾ ਨਾਹਰਾ ਲਾਉਂਦਿਆਂ ਅਪਣਾ ਪਿਕਅੱਪ ਟਰੱਕ ਵਰਲਡ ਟਰੇਡ ਸੈਂਟਰ ਨੇੜੇ ਲੋਕਾਂ ਨਾਲ ਭਰੀ ਸਾਈਕਲ ਪਟੜੀ 'ਤੇ ਚੜ੍ਹਾ ਦਿਤਾ ਜਿਸ ਕਾਰਨ ਘੱਟੋ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ 9/11 ਹਮਲੇ ਦੀ ਘਟਨਾ ਮਗਰੋਂ ਸ਼ਹਿਰ ਵਿਚ ਪਹਿਲਾ ਏਨਾ ਭਿਆਨਕ ਹਮਲਾ ਦਸਿਆ ਜਾ ਰਿਹਾ ਹੈ ਅਤੇ ਇਸ ਵਿਚ ਆਈਐਸਆਈਐਸ ਦਾ ਹੱਥ ਹੋਣ ਦਾ ਸ਼ੱਕ ਹੈ। ਉਜ਼ਬੇਕ ਮੂਲ ਦੇ 29 ਸਾਲਾ ਸ਼ਖ਼ਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਦੇ ਢਿੱਡ ਵਿਚ ਗੋਲੀ ਮਾਰ ਦਿਤੀ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਉਸ ਦਾ ਨਾਮ ਸੈਫ਼ੁਲੂ ਸੇਈਪੋਵ ਹੈ ਤੇ ਉਹ ਪ੍ਰਵਾਸੀ ਹੈ। ਉਹ 2010 ਵਿਚ ਅਮਰੀਕਾ ਆਇਆ ਸੀ। ਘਟਨਾ ਭੀੜ-ਭਾੜ ਵਾਲੇ ਮੈਨਹਟਨ ਦੇ ਵੈਸਟ ਸਾਈਡ ਹਾਈਵੇ 'ਤੇ ਵਾਪਰੀ। ਮੈਨਹਟਨ ਨਿਊਯਾਰਕ ਸ਼ਹਿਰ ਦਾ ਬੇਹੱਦ ਸੰਘਣੀ ਆਬਾਦੀ ਵਾਲਾ ਇਲਾਕਾ ਹੈ।
ਅਮਰੀਕਾ ਵਿਚ ਇਨ੍ਹੀਂ ਦਿਨੀਂ ਹੈਲੋਵਿਨ ਤਿਉਹਾਰ ਮਨਾਇਆ ਜਾ ਰਿਹਾ ਹੈ। ਹਮਲਾਵਰ ਨੇ ਲਗਭਗ ਅੱਧਾ ਕਿਲੋਮੀਟਰ ਦੇ ਇਲਾਕੇ ਵਿਚ ਭਾਰੀ ਤਬਾਹੀ ਮਚਾਈ। ਪੁਲਿਸ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਬੈਲਜੀਅਮ ਦਾ ਇਕ ਅਤੇ ਅਰਜਨਟੀਨਾ ਦੇ ਪੰਚ ਨਾਗਰਿਕ ਸ਼ਾਮਲ ਹਨ। ਨਿਊਯਾਰਕ ਪੁਲਿਸ ਵਿਭਾਗ ਮੁਤਾਬਕ ਦੱਖਣ ਵਲ ਜਾਂਦਾ ਹੋਇਆ ਟਰੱਕ ਸਕੂਲ ਬੱਸ ਨਾਲ ਵੀ ਟਕਰਾਇਆ ਜਿਸ ਕਾਰਨ ਚਾਰ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਦੋ ਬੱਚੇ ਵੀ ਸਨ। ਫਿਰ ਸ਼ੱਕੀ ਬੰਦਾ ਗੋਲੀਆਂ ਚਲਾਉਂਦਾ ਹੋਇਆ ਟਰੱਕ ਵਿਚੋਂ ਨਿਕਲਿਆ ਅਤੇ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ। ਨਿਊਯਾਰਕ ਪੋਸਟ ਦੀ ਰੀਪੋਰਟ ਮੁਤਾਬਕ ਵਾਹਨ ਵਿਚੋਂ ਬਾਹਰ ਆਉਣ 'ਤੇ ਟਰੱਕ ਚਾਲਕ ਨੇ 'ਅੱਲਾ ਹੋ ਅਕਬਰ' ਦਾ ਨਾਹਰਾ ਲਾਇਆ। ਟਰੱਕ ਵਿਚੋਂ ਅੰਗਰੇਜ਼ੀ ਵਿਚ ਲਿਖਿਆ ਪਰਚਾ ਮਿਲਿਆ ਹੈ ਜਿਸ ਵਿਚ ਅਤਿਵਾਦੀ ਗਰੁਪ ਇਸਲਾਮਿਕ ਸਟੇਟ ਦਾ ਜ਼ਿਕਰ ਹੈ। ਮੌਕੇ ਤੋਂ ਪੈਲੇਟ ਗਨ ਅਤੇ ਪੇਂਟਬਾਲ ਗਨ ਵੀ ਮਿਲੀਆਂ ਹਨ। (ਏਜੰਸੀ)