ਨਿਊਜ਼ੀਲੈਂਡ 'ਚ ਐੱਮ. ਬੀ. ਏ. ਦੀ ਪੜ੍ਹਾਈ ਕਰਨ ਗਏ ਲੁਧਿਆਣਾ ਦੇ ਜਨਕਪੁਰੀ ਦੇ 21 ਸਾਲਾ ਅਖਿਲ ਤਾਂਗੜੀ ਦੀ ਲੰਘੀ 1 ਦਸੰਬਰ ਨੂੰ ਉਥੇ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ ਸੀ। ਬੁੱਧਵਾਰ ਨੂੰ ਉਸ ਦੀ ਲਾਸ਼ ਇਥੇ ਪਹੁੰਚੀ, ਜਿਸ ਦਾ ਨਮ ਅੱਖਾਂ ਨਾਲ ਗਊਸ਼ਾਲਾ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਅਖਿਲ ਤਾਂਗੜੀ ਜੁਲਾਈ 2017 'ਚ ਨਿਊਜ਼ੀਲੈਂਡ ਐੱਮ. ਬੀ. ਏ. ਦੀ ਪੜ੍ਹਾਈ ਕਰਨ ਗਿਆ ਸੀ। 1 ਦਸੰਬਰ ਨੂੰ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਸਮੁੰਦਰ ਕਿਨਾਰੇ ਉਠਦੀਆਂ ਲਹਿਰਾਂ ਨੂੰ ਦੇਖ ਰਿਹਾ ਸੀ ਤਾਂ ਇਸ ਦੌਰਾਨ ਅਖਿਲ ਲਹਿਰਾਂ ਦੀ ਲਪੇਟ 'ਚ ਆ ਗਿਆ, ਜਦ ਕਿ ਉਸ ਦੇ ਦੋਸਤਾਂ ਨੂੰ ਪਾਣੀ ਦੇ ਵਹਾਅ ਨੇ ਕਿਨਾਰੇ 'ਤੇ ਸੁੱਟ ਦਿੱਤਾ।
ਇਸ ਹਾਦਸੇ 'ਚ ਅਖਿਲ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਰਾਹੀਂ ਟੀਮ ਨੇ ਸਰਚ ਕਰ ਕੇ ਉਸ ਨੂੰ ਸਮੁੰਦਰ 'ਚੋਂ ਕੱਢ ਲਿਆ। ਅੱਜ ਅਖਿਲ ਦੀ ਲਾਸ਼ ਉਸ ਦੇ ਜਨਕਪੁਰੀ ਸਥਿਤ ਘਰ 'ਚ ਪਹੁੰਚੀ, ਜਿਸ ਦਾ ਬਾਅਦ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।