ਵੇਲਿੰਗਟਨ, 21 ਫ਼ਰਵਰੀ : ਤੂਫ਼ਾਨ 'ਗੀਤਾ' ਦਾ ਕਹਿਰ ਜਾਰੀ ਹੈ। ਇਹ ਤੂਫ਼ਾਨ ਨਿਊਜ਼ੀਲੈਂਡ ਦੇ ਤਟੀ ਖੇਤਰਾਂ 'ਚ ਵੀ ਦਾਖ਼ਲ ਹੋ ਗਿਆ ਹੈ, ਜਿਥੇ ਗੋਲਡਨ ਵੇਅ 'ਚ ਲਗਭਗ 1000 ਸੈਲਾਨੀ ਫਸੇ ਹੋਏ ਹਨ। ਤੂਫ਼ਾਨ ਦੇ ਖ਼ਤਰੇ ਨੂੰ ਵੇਖਦਿਆਂ ਸਥਾਨਕ ਪ੍ਰਸ਼ਾਸਨ ਨੇ 100 ਤੋਂ ਵੱਧ ਸਕੂਲਾਂ ਨੂੰ ਬੰਦ ਕਰਨ ਲਈ ਕਿਹਾ ਹੈ।ਦੇਸ਼ ਦੇ ਕਈ ਸ਼ਹਿਰਾਂ 'ਚ ਆਪਾਤਕਾਲ ਲਾਗੂ ਕਰ ਦਿਤਾ ਗਿਆ ਹੈ। ਤੂਫ਼ਾਨ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਥੇ 7.8 ਇੰਚ ਮੀਂਹ ਵੀ ਪਿਆ। ਇਹ ਚੱਕਰਵਾਤੀ ਤੂਫ਼ਾਨ ਪਹਿਲਾਂ ਟੋਂਗਾ ਤੇ ਸਮੋਆ 'ਚ ਤਬਾਹੀ ਮਚਾ ਚੁੱਕਾ ਹੈ ਅਤੇ ਹੁਣ ਨਿਊਜ਼ੀਲੈਂਡ ਨੂੰ
ਅਪਣੀ ਲਪੇਟ 'ਚ ਲੈ ਰਿਹਾ ਹੈ। ਸਥਾਨਕ ਮੀਡੀਆ ਅਨੁਸਾਰ ਤੂਫ਼ਾਨ ਕਾਰਨ ਕਈ ਇਲਾਕਿਆਂ 'ਚ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ। ਇਸ ਕਾਰਨ ਮੁੱਖ ਸੜਕਾਂ ਨੂੰ ਬੰਦ ਕਰ ਦਿਤਾ ਗਿਆ ਹੈ। ਮੁੱਖ ਹਾਈਵੇਅ ਬੰਦ ਹੋਣ ਕਾਰਨ ਗੋਲਡਨ ਬੇਅ 'ਚ ਫਸੇ ਸੈਲਾਨੀਆਂ ਨੂੰ ਕਿਸ਼ਤੀਆਂ ਦੀ ਮਦਦ ਨਾਲ ਦਖਣੀ ਟਾਪੂ 'ਤੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਤੂਫ਼ਾਨ ਕਾਰਨ ਦੇਸ਼ ਦੇ ਕਈ ਇਲਾਕਿਆਂ 'ਚ ਦਰੱਖ਼ਤ ਉਖੜ ਕੇ ਸੜਕਾਂ 'ਤੇ ਡਿੱਗ ਗਏ ਹਨ। ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ। (ਪੀਟੀਆਈ)