ਓਨਟਾਰੀਓ ਦੇ ਕਾਲਜ 'ਚ ਸਿੱਖ ਸਟੂਡੈਂਟ ਐਸੋਸੀਏਸ਼ਨ ਵਲੋਂ ਮਨਾਇਆ ਸ਼ਹੀਦੀ ਸਮਾਗਮ

ਖ਼ਬਰਾਂ, ਕੌਮਾਂਤਰੀ

ਓਨਟਾਰੀਓ: ਕੈਨੇਡਾ 'ਚ ਵੱਸਦੇ ਪੰਜਾਬੀ ਭਾਈਚਾਰੇ ਦੇ ਚੰਗੇ ਸੁਭਾਅ ਤੇ ਵਧਦੇ ਰੁਤਬੇ ਦੀ ਇਕ ਹੋਰ ਮਿਸਾਲ ਕੈਨੇਡਾ 'ਚ ਦੇਖਣ ਨੂੰ ਮਿਲੀ, ਜਿੱਥੇ ਬਰੈਂਪਟਨ ਦੇ ਸ਼ੈਰੇਡਨ ਕਾਲਜ ਦੇ ਵਿਦਿਆਰਥੀਆਂ ਨੇ 22 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਹੀਦੀ ਹਫਤੇ ਵਜੋਂ ਮਨਾਇਆ।
ਜਾਣਕਾਰੀ ਮੁਤਾਬਕ ਇਹ ਸਾਰਾ ਉਪਰਾਲਾ ਸਿੱਖ ਸਟੂਡੈਂਟ ਐਸੋਸੀਏਸ਼ਨ ਵਲੋਂ ਕੀਤਾ ਜਾ ਰਿਹਾ ਹੈ। 

ਇਸ ਸ਼ਹੀਦੀ ਸਮਾਗਮ 'ਚ ਸੀ. 308 ਸ਼ੈਰੇਡਨ ਕਾਲਜ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਦੁੱਧ ਦੀ ਛਬੀਲ ਤੇ ਗੁਰੂ ਦਾ ਅਟੁੱਟ ਲੰਗਰ ਵਰਤਾਏ ਜਾਣ ਦਾ ਇੰਤਜ਼ਾਮ ਕੀਤਾ ਗਿਆ ਤੇ 4 ਤੋਂ 5 ਵਜੇ ਤੱਕ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਇਸ ਤੋਂ ਬਾਅਦ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕੀਰਤਨ ਦੇ ਦੀਵਾਨ ਵੀ ਸਜਾਏ ਗਏ। 

ਜ਼ਿਕਰੇਯੋਗ ਹੈ ਕਿ ਬੀਤੇ ਦਿਨੀਂ ਸ਼ੈਰੇਡਨ ਕਾਲਜ ਦੇ ਵਿਦਿਆਰਥੀਆਂ ਵਲੋਂ ਸੜਕਾਂ 'ਤੇ ਕੀਤੀ ਹੁੱਲੜਬਾਜ਼ੀ ਸੁਰਖੀਆਂ 'ਚ ਸੀ ਤੇ ਅਜਿਹੇ 'ਚ ਇਹ ਉਪਰਾਲਾ ਬੇਸ਼ੱਕ ਪੰਜਾਬੀ ਭਾਈਚਾਰੇ ਲਈ ਚੰਗੀ ਗੱਲ ਹੈ।