ਪੰਛੀਆਂ ਦੇ ਹਮਲੇ ਕਾਰਨ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਸੱਚ ਜਾਂ ਝੂਠ ?

ਖ਼ਬਰਾਂ, ਕੌਮਾਂਤਰੀ

ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਛੀਆਂ ਦੇ ਹਮਲੇ ਕਾਰਨ ਇੱਕ ਜਹਾਜ਼ ਨੂੰ ਨੁਕਸਾਨੇ ਜਾਣ ਅਤੇ ਐਮਰਜੈਂਸੀ ਲੈਂਡਿੰਗ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਵਾਇਰਲ ਤਸਵੀਰਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਇੱਲ੍ਹਾਂ ਦੇ ਇੱਕ ਝੁੰਡ ਨੇ ਬ੍ਰਿਟਿਸ਼ ਏਅਰਵੇਜ਼ ਦੇ ਇਸ ਜਹਾਜ਼ ਉੱਤੇ ਉਸ ਵੇਲੇ ਹਮਲਾ ਕੀਤਾ ਜਦੋਂ ਇਹ ਕੁਝ ਧਾਰਮਿਕ ਹਸਤੀਆਂ ਨੂੰ ਲੈ ਕੇ ਰਵਾਨਾ ਹੋਇਆ। ਆਨ ਲਾਈਨ ਰਿਪੋਰਟਾਂ ਅਨੁਸਾਰ ਇਹ ਘਟਨਾ ਚੀਨ ਵਿੱਚ ਵਾਪਰੀ ਦੱਸੀ ਜਾ ਰਹੀ ਹੈ।  


ਚਰਚਾ ਹੈ ਕਿ ਜਹਾਜ਼ ਵਿੱਚ ਸਫਰ ਕਰਨ ਵਾਲੇ ਈਸਾਈ ਪਾਦਰੀ ਨੇ ਇਸ ਨੂੰ ਸ਼ੈਤਾਨੀ ਹਮਲਾ ਗਰਦਾਨਦੇ ਹੋਏ ਕਿਹਾ ਹੈ ਕਿ ਇਹ ਹਮਲਾ ਸਿਰਫ ਉਸ ਜਹਾਜ਼ 'ਤੇ ਹੀ ਹੋਇਆ ਜਿਸ ਵਿੱਚ ਈਸਾਈ ਪੁਜਾਰੀ ਬੈਠੇ ਸਨ ਜਦੋਂਕਿ ਆਮ ਲੋਕਾਂ ਵਾਲੇ ਜਹਾਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ।  



ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੰਛੀਆਂ ਦੇ ਕੱਟੇ-ਵੱਢੇ ਸਰੀਰ ਦੇ ਟੁਕੜੇ ਪੂਰੇ ਜਹਾਜ਼ ਵਿੱਚ ਖਿੱਲਰੇ ਪੈ ਹਨ ਅਤੇ ਜਹਾਜ਼ ਵੀ ਕਾਫੀ ਨੁਕਸਾਨਿਆ ਗਿਆ ਹੈ। ਖ਼ਬਰ ਵਾਇਰਲ ਜ਼ਰੂਰ ਹੈ ਪਰ ਇਸਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਪਾਈ। ਖ਼ਬਰ ਦੇ ਝੂਠੇ ਹੋਣ ਦੇ ਵੀ ਅੰਦੇਸ਼ੇ ਜਤਾਏ ਜਾ ਰਹੇ ਹਨ ਕਿਉਂ ਕਿ ਹੁਣ ਤੱਕ ਬ੍ਰਿਟਿਸ਼ ਏਅਰਵੇਜ਼ ਵੱਲੋਂ ਇਸ ਘਟਨਾ ਬਾਰੇ ਕੋਈ ਬਿਆਨਬਾਜ਼ੀ ਜਾਂ ਅਸਲੀਅਤ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ।


ਇਹ ਅਲੱਗ ਵਿਸ਼ਾ ਹੈ ਕਿ ਇਹ ਖ਼ਬਰ ਸੱਚੀ ਹੈ ਜਾਂ ਝੂਠੀ ਪਰ ਇਸ ਨੇ ਇੱਕ ਵਾਰ ਡੈਫਨੀ ਡੂ ਮੌਰੀਅਰ ਦੀ ਲਿਖਤ 'ਦ ਬਰਡਜ਼' ਦੀ ਯਾਦ ਜ਼ਰੂਰ ਤਾਜ਼ਾ ਕਰਵਾ ਦਿੱਤੀ ਹੈ ਜਿਸ ਵਿੱਚ ਪੰਛੀਆਂ ਦੁਆਰਾ ਇਸ ਤਰਾਂ ਦੇ ਹੀ ਜਾਨਲੇਵਾ ਹਮਲਿਆਂ ਦੀ ਗੱਲ ਕਹੀ ਗਈ ਸੀ। ਡੈਫਨੀ ਦੀ ਇਸ ਕਹਾਣੀ 'ਤੇ 1963 ਵਿੱਚ ਐਲਫ੍ਰੇਡ ਹਿਚਕੌਕ ਦੇ ਨਿਰਮਾਣ ਨਿਰਦੇਸ਼ਨ ਵਿੱਚ ਇੱਕ ਫਿਲਮ ਵੀ ਬਣੀ ਸੀ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਡੈਫਨੀ ਡੂ ਮੌਰੀਅਰ ਵੀ ਬ੍ਰਿਟਿਸ਼ ਲੇਖਿਕਾ ਸੀ ਅਤੇ ਇਹ ਚਰਚਿਤ ਜਹਾਜ਼ ਵੀ ਬ੍ਰਿਟਿਸ਼ ਏਅਰਵੇਜ਼ ਦਾ ਹੀ ਦੱਸਿਆ ਜਾ ਰਿਹਾ ਹੈ।