ਪੈਰਿਸ ਜਲਵਾਯੂ ਕਰਾਰ ਤੋਂ ਅਮਰੀਕਾ ਦੇ ਬਾਹਰ ਨਿਕਲਣ ਲਈ ਭਾਰਤ ਅਤੇ ਚੀਨ ਜ਼ਿੰਮੇਵਾਰ : ਟਰੰਪ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 24 ਫ਼ਰਵਰੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਨਿਕਲਣ ਦੇ ਅਪਣੇ ਫ਼ੈਸਲੇ ਲਈ ਇਕ ਵਾਰ ਫਿਰ ਤੋਂ ਭਾਰਤ ਅਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਟਰੰਪ ਨੇ ਕਿਹਾ ਕਿ ਇਹ ਸਮਝੌਤਾ ਨਾਜਾਇਜ਼ ਸੀ। ਇਸ 'ਚ ਅਮਰੀਕਾ ਨੂੰ ਉਨ੍ਹਾਂ ਦੇਸ਼ਾਂ ਲਈ ਕੀਮਤ ਚੁਕਾਉਣੀ ਪੈਂਦੀ ਹੈ ਜਿਨ੍ਹਾਂ ਨੂੰ ਇਸ ਸੱਭ ਤੋਂ ਜ਼ਿਆਦਾ ਫ਼ਾਇਦਾ ਹੋ ਰਿਹਾ ਸੀ। ਟਰੰਪ ਨੇ ਪਿਛਲੇ ਸਾਲ ਜੂਨ 'ਚ ਪੈਰਿਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਸਮਝੌਤੇ 'ਚੋਂ ਅਮਰੀਕਾ ਨੂੰ ਅਰਬਾਂ ਡਾਲਰ ਦੀ ਕੀਮਤ ਚੁਕਾਉਣੀ ਹੋਵੇਗੀ, ਨੌਕਰੀਆਂ ਪ੍ਰਭਾਵਤ ਹੋਣਗੀਆਂ ਅਤੇ ਤੇਲ, ਗੈਸ, ਕੋਲਾ ਅਤੇ ਉਸਾਰੀ ਉਦਯੋਗ ਪ੍ਰਭਾਵਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਹ ਇਸ ਸਮਝੌਤੇ ਉਤੇ ਨਵੇਂ ਸਿਰੇ ਤੋਂ ਗੱਲਬਾਤ ਲਈ ਤਿਆਰ ਹਨ। 

ਕੁੱਝ ਸਾਲਾਂ ਦੌਰਾਨ 200 ਦੇ ਕਰੀਬ ਦੇਸ਼ ਇਸ 'ਚ ਸ਼ਾਮਲ ਹੋਏ ਹਨ। ਟਰੰਪ ਨੇ ਕਨਜ਼ਰਵੇਟਿਵ ਸਿਆਸੀ ਪਾਰਟੀ ਕਮੇਟੀ 'ਚ ਅਪਣੇ ਸੰਬੋਧਨ 'ਚ ਕਿਹਾ, ''ਅਸੀਂ ਪੈਰਿਸ ਜਲਵਾਯੂ ਸਮਝੌਤੇ ਨੂੰ ਛੱਡ ਦਿਤਾ ਹੈ। ਇਹ ਕਾਫ਼ੀ ਘਾਤਕ ਹੁੰਦਾ। ਇਹ ਸਾਡੇ ਦੇਸ਼ ਲਈ ਕਾਫ਼ੀ ਨੁਕਸਾਨਦੇਹ ਰਹਿੰਦਾ।''ਟਰੰਪ ਨੇ ਦਲੀਲ ਦਿਤੀ ਕਿ ਚੀਨ ਅਤੇ ਭਾਰਤ ਨੂੰ ਪੈਰਿਸ ਸਮਝੌਤੇ ਤੋਂ ਸੱਭ ਤੋਂ ਜ਼ਿਆਦਾ ਫ਼ਾਇਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਅਮਰੀਕਾ ਲਈ ਨਾਜਾਇਜ਼ ਹੈ ਕਿਉਂਕਿ ਇਸ ਨਾਲ ਵਪਾਰ ਅਤੇ ਨੌਕਰੀਆਂ ਉਤੇ ਕਾਫ਼ੀ ਬੁਰਾ ਅਸਰ ਪੈਂਦਾ।ਉਨ੍ਹਾਂ ਭਾਰਤ ਅਤੇ ਹੋਰ ਦੇਸ਼ਾਂ ਉਤੇ ਟਿਪਣੀ ਕਰਦਿਆਂ ਕਿਹਾ ਭਾਰਤ ਅਤੇ ਹੋਰ ਵੱਡੇ ਦੇਸ਼ਾਂ ਦੀ ਕੀਮਤ ਅਮਰੀਕਾ ਨੂੰ ਚੁਕਾਉਣੀ ਪੈਂਦੀ ਕਿਉਂਕਿ ਉਹ ਖ਼ੁਦ ਨੂੰ ਉਭਰਦਾ ਦੇਸ਼ ਮੰਨਦੇ ਹਨ। ਉਨ੍ਹਾਂ ਕਿਹਾ, ''ਉਹ ਉਭਰਦੇ ਦੇਸ਼ ਹਨ। ਮੈਂ ਕਹਿੰਦਾ ਹਾਂ ਅਸੀਂ ਕੀ ਹਾਂ? ਕੀ ਸਾਨੂੰ ਵੀ ਅੱਗੇ ਵਧਨ ਦਿਤਾ ਜਾ ਰਿਹਾ ਹੈ?''  (ਪੀਟੀਆਈ)