ਪੰਜਾਬੀ ਨੌਜਵਾਨ ਦਾ ਵੈਨਕੂਵਰ 'ਚ ਗੋਲੀਆਂ ਮਾਰ ਕੇ ਕਤਲ

ਖ਼ਬਰਾਂ, ਕੌਮਾਂਤਰੀ

ਵੈਨਕੂਵਰ : ਕੈਨੇਡਾ ਵਰਗੇ ਦੇਸ਼ 'ਚ ਲੋਕ ਸੁਰੱਖਿਅਤ ਨਹੀਂ ਹਨ। ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਇਕ ਪੰਜਾਬੀ ਨੌਜਵਾਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ 32 ਸਾਲਾ ਕਮਿੰਦਰ ਰਾਏ ਉਰਫ ਕੈਮ ਵਜੋਂ ਹੋਈ ਹੈ, ਜੋ ਕਿ ਰੀਅਲ ਅਸਟੇਟ ਕਾਰੋਬਾਰੀ (ਘਰਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰੀ) ਸੀ। ਮ੍ਰਿਤਕ ਦੀ ਪਛਾਣ ਹੁਣ ਹੋਈ ਹੈ। 

ਕਮਿੰਦਰ ਦਾ ਬੀਤੇ ਵੀਰਵਾਰ ਦੀ ਦੁਪਹਿਰ 1.00 ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਮਿੰਦਰ ਵੈਨਕੂਵਰ ਦੇ ਮਾਰਗਰੇਟ ਸਟਰੀਟ ਨੇੜੇ ਵੈਸਟ 49ਵਾਂ ਐਵੇਨਿਊ 'ਚ ਜ਼ਖਮੀ ਹਾਲਤ 'ਚ ਮਿਲਿਆ ਸੀ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਕਮਿੰਦਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਰਹਿੰਦਾ ਸੀ। .

ਇਸ ਕਤਲ ਮਾਮਲੇ ਨੂੰ ਲੈ ਕੇ ਪੁਲਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ 2018 'ਚ ਵੈਨਕੂਵਰ 'ਚ ਮਨੁੱਖੀ ਕਤਲ ਦਾ ਇਹ 6ਵਾਂ ਮਾਮਲਾ ਸੀ। ਪਿਛਲੇ ਸਾਲ ਯਾਨੀ 2017 'ਚ ਕੁੱਲ 19 ਮਰਡਰ ਹੋਏ। ਓਧਰ ਕਮਿੰਦਰ ਦੇ ਜਾਣਕਾਰ ਅਤੇ ਜੋ ਉਸ ਨਾਲ ਕੰਮ ਕਰਦੇ ਰਹੇ ਵਪਾਰੀਆਂ ਨੇ ਇਸ ਨੂੰ ਸਦਮੇ ਭਰੀ ਖਬਰ ਦੱਸਿਆ। 

ਉਨ੍ਹਾਂ ਮੁਤਾਬਕ ਕਮਿੰਦਰ ਦਾ ਕਤਲ ਉਨ੍ਹਾਂ ਲਈ ਹੈਰਾਨ ਕਰ ਦੇਣ ਵਾਲਾ ਹੈ। ਕਮਿੰਦਰ ਬਹੁਤ ਹੀ ਹੱਸਮੁਖ ਸੁਭਾਅ ਦਾ ਇਨਸਾਨ ਸੀ। ਉਸ ਦੀ ਮੌਤ ਦੀ ਖਬਰ ਸੁਣ ਕੇ ਸਾਨੂੰ ਡੂੰਘਾ ਦੁੱਖ ਲੱਗਾ ਹੈ। ਪੁਲਸ ਵਲੋਂ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।