ਪਾਕਿ 'ਚ ਦਰਗਾਹ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 20 ਹੋਈ

ਖ਼ਬਰਾਂ, ਕੌਮਾਂਤਰੀ

ਕਰਾਚੀ, 6 ਅਕਤੂਬਰ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ ਵਿਚ ਇਕ ਸ਼ਿਯਾ ਦਰਗਾਹ 'ਤੇ ਹੋਏ ਆਤਮਘਾਤੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ।
ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਪੁਲਿਸ ਡਿਪਟੀ ਕਮਿਸ਼ਨਰ ਅਸਦੁਲਲਾ ਕਾਕਰ ਅਨੁਸਾਰ ਹਮਲਾਵਰ ਨੇ ਬੀਤੀ ਸ਼ਾਮ ਬਲੋਚਿਸਤਾਨ ਦੇ ਝਾਲ ਮਾਗਸੀ ਜ਼ਿਲ੍ਹੇ ਦੀ ਦਰਗਾਹ ਫ਼ਤੇਹਪੁਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਅਤੇ ਜਦ ਪੁਲਿਸ ਨੇ ਉਸ ਨੂੰ ਦਰਗਾਹ ਅੰਦਰ ਜਾਣ ਤੋਂ ਰੋਕਿਆ ਤਾਂ ਉਸ ਨੇ ਖ਼ੁਦ ਨੂੰ ਬੰਬ ਧਮਾਕੇ ਨਾਲ ਉਡਾ ਲਿਆ। ਸਮਾਚਾਰ ਪੱਤਰ ਡਾਨ ਨੇ ਝਾਲ ਮਾਗਸੀ ਦੇ ਜ਼ਿਲ੍ਹਾ ਚੇਅਰਮੈਨ ਔਰੰਗਜ਼ੇਬ ਮਾਗਸੀ ਦੇ ਹਵਾਲੇ ਨਾਲ ਇਸ ਹਮਲੇ ਵਿਚ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਅਤੇ 30 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਦਿਤੀ ਹੈ। ਉਸ ਤੋਂ ਪਹਿਲਾਂ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫ਼ਰਾਜ ਬੁਗਤੀ ਨੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦਸੀ ਸੀ।
ਇਹ ਹਮਲਾ ਬੀਤੇ ਦਿਨੀਂ ਉਸ ਸਮੇਂ ਹੋਇਆ ਜਦ ਕਾਫ਼ੀ ਗਿਣਤੀ ਵਿਚ ਲੋਕ ਦਰਗਾਹ ਵਿਚ ਨਮਾਜ਼ ਪੜ੍ਹਨ ਲਈ ਇਕੱਠੇ ਹੋਏ ਸਨ। ਬੁਗਤੀ ਨੇ ਦਸਿਆ ਕਿ ਦਰਗਾਹ ਦਾ ਸਾਲਾਨਾ ਉਰਸ ਚਲ ਰਿਹਾ ਸੀ ਅਤੇ ਇਸ ਮੌਕੇ 'ਤੇ ਦੇਸ਼ ਭਰ ਤੋਂ ਸੈਂਕੜੇ ਲੋਕ ਇਥੇ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2005 ਵਿਚ ਇਸੀ ਦਰਗਾਹ ਵਿਚ ਹੋਏ ਬੰਬ ਹਮਲੇ ਵਿਚ 35 ਲੋਕ ਮਾਰੇ ਗਏ ਸਨ।
ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਸਰਕਾਰ ਦੁਆਰਾ ਅਤਿਵਾਦੀਆਂ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦਾ ਸੰਕਲਪ ਲਿਆ। ਇਸ ਤੋਂ ਪਹਿਲਾਂ ਨਵੰਬਰ 2016 ਵਿਚ ਖੁਜਦਰ ਜ਼ਿਲ੍ਹੇ ਦੀ ਸ਼ਾਹ ਨੋਰਾਨੀ ਦਰਗਾਹ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 52 ਲੋਕ ਮਾਰੇ ਗਏ ਸਨ ਅਤੇ 102 ਲੋਕ ਜ਼ਖ਼ਮੀ ਹੋਏ ਸਨ। (ਪੀ.ਟੀ.ਆਈ)