ਇਸਲਾਮਾਬਾਦ : ਆਮ ਜਨਤਾ 'ਤੇ ਪੁਲਿਸ ਤਸ਼ੱਦਦ ਦੀਆਂ ਘਟਨਾਵਾਂ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਪਾਕਿਸਤਾਨ ਵਿਚ ਵੀ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿਰੁੱਧ ਪਾਕਿਸਤਾਨ ਦੇ ਪਸ਼ਤੂਨ ਭਾਈਚਾਰੇ ਦੇ ਲੋਕਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸਲਾਮਾਬਾਦ ਵਿਖੇ ਪ੍ਰੈੱਸ ਕਲੱਬ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਪਸ਼ਤੂਨ ਭਾਈਚਾਰੇ ਦੇ ਲੋਕਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਦਿਆਂ ਜਿੱਥੇ ਆਜ਼ਾਦੀ ਦੇ ਨਾਅਰੇ ਲਗਾਏ, ਉੱਥੇ ਹੀ ਉਨ੍ਹਾਂ ਇੱਕ ਵੱਡਾ ਰੋਸ ਮਾਰਚ ਵੀ ਕੱਢਿਆ। ਇਸ ਦੌਰਾਨ ਉਨ੍ਹਾਂ ਨੇ 13 ਜਨਵਰੀ ਨੂੰ ਕਰਾਚੀ ਵਿਚ ਇੱਕ ਫ਼ਰਜ਼ੀ ਐਨਕਾਊਂਟਰ ਵਿਚ ਮਾਰੇ ਗਏ ਨਕੀਬ ਮਹਿਮੂਦ ਲਈ ਇਨਸਾਫ਼ ਦੀ ਮੰਗ ਕੀਤੀ।
ਦੱਸ ਦੇਈਏ ਕਿ ਪੁਲਿਸ ਨੇ ਨਕੀਬ 'ਤੇ ਕਥਿਤ ਤੌਰ 'ਤੇ ਲਸ਼ਕਰ-ਏ-ਝਾਂਗਵੀ ਅਤੇ ਆਈਐੱਸ ਵਰਗੇ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਹੋਣ ਦਾ ਝੂਠਾ ਇਲਜ਼ਾਮ ਗਾਇਆ ਸੀ, ਜਦੋਂ ਕਿ ਨਕੀਬ ਦੇ ਪਰਿਵਾਰ ਨੇ ਪੁਲਿਸ ਦੇ ਇਨ੍ਹਾਂ ਝੂਠੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਹੈ,ਜਿਸ ਤੋਂ ਬਾਅਦ ਹੁਣ ਪੁਲਿਸ ਐਨਕਾਊਂਟਰ ਦੀ ਜਾਂਚ ਲਈ ਸਿੰਧ ਸੂਬੇ ਦੀ ਸਰਕਾਰ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਐਲਾਨ ਕੀਤਾ ਕਿ ਨਕੀਬ ਨਿਰਦੋਸ਼ ਸੀ ਅਤੇ ਪੁਲਿਸ ਨੇ ਉਸ ਨੂੰ ਇਕ ਫ਼ਰਜ਼ੀ ਐਨਕਾਊਂਟਰ ਵਿਚ ਮਾਰਿਆ ਹੈ।
ਪਸ਼ਤੂਨ ਭਾਈਚਾਰੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪਾਕਿਸਤਾਨ ਦਾ ਮਕਸਦ ਪਸ਼ਤੂਨ ਭਾਈਚਾਰੇ ਨੂੰ ਖ਼ਤਮ ਕਰਨਾ ਅਤੇ ਅੱਤਵਾਦ ਵਿਰੁੱਧ ਅਮਰੀਕੀ ਅਗਵਾਈ ਦੀ ਮੁਹਿੰਮ ਦੇ ਪ੍ਰਭਾਵ ਨੂੰ ਘੱਟ ਕਰਨਾ ਹੈ। ਇਸ ਦੌਰਾਨ ਰੋਸ ਮਾਰਚ ਵਿਚ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ਦੇ 10 ਹਜ਼ਾਰ ਤੋਂ ਜ਼ਿਆਦਾ ਪਸ਼ਤੂਨ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ।