ਓਟਾਵਾ: ਪਾਕਿਸਤਾਨ ਦੇ ਸਿੰਧ ਸੂਬੇ 'ਚ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਵਿਸ਼ਵ ਸਿੰਧੀ ਕਾਂਗਰਸ (ਡਬਲਿਊ. ਐੱਸ. ਸੀ.) ਅਤੇ ਅਮਰੀਕੀ ਸਿੰਧੀ ਸੰਗਠਨ ਨੇ ਕੈਨੇਡਾ 'ਚ ਰੋਸ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਸੰਗਠਨਾਂ ਨੇ ਓਟਾਵਾ 'ਚ ਕੈਨੇਡਾ ਦੀ ਸੰਸਦ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਭਾਈਚਾਰੇ ਕੋਲ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਸਿੰਧ ਸੂਬੇ 'ਚ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਦਖਲਅੰਦਾਜ਼ੀ ਕਰਨ। ਕੈਨੇਡਾ ਸੰਸਦ ਦੇ ਮੈਂਬਰ, ਟੋਮ ਕੈਮੀਕ ਨੇ ਵੀ ਆਪਣੀ ਇਕਜੁੱਟਤਾ ਦਿਖਾਉਣ ਲਈ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਪ੍ਰਦਰਸ਼ਨਕਾਰਾਂ ਨਾਲ ਗੱਲ ਕੀਤੀ।
ਪ੍ਰਦਰਸ਼ਨਕਾਰਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸਹਾਇਤਾ ਫੰਡ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਮਦਦ ਦੇਣ ਦਾ ਮਤਲਬ ਹੈ ਕੱਟੜਵਾਦ ਅਤੇ ਤਾਲਿਬਾਨ ਨੂੰ ਸਹਾਇਤਾ ਕਰਨਾ। ਇਨ੍ਹਾਂ ਪ੍ਰਦਸ਼ਨਕਾਰਾਂ ਨੇ ਪਾਕਿਸਤਾਨੀ ਫੌਜ ਖਿਲਾਫ ਵੀ ਆਪਣੀ ਆਵਾਜ਼ ਚੁੱਕੀ ਅਤੇ ਕਿਹਾ ਕਿ ਪਾਕਿਸਤਾਨੀ ਆਰਮੀ ਸਿੰਧੀ ਅਤੇ ਬਲੂਚ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ ਅਤੇ ਬਿਨਾਂ ਗੱਲੋਂ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 19 ਸਾਲਾ Allah Wadhayo Mahar ਨੂੰ ਕਰਾਚੀ ਦੇ ਮਲੀਰ ਜ਼ਿਲੇ ਤੋਂ ਆਈਐਸਆਈ ਨੇ ਅਗਵਾ ਕਰ ਲਿਆ ਸੀ ਅਤੇ 8 ਸਤੰਬਰ 2014 ਤੋਂ ਲਾਪਤਾ ਹੈ।
ਡਬਲਯੂ ਐਸ ਸੀ ਕੈਨੇਡਾ ਦੇ ਪ੍ਰਬੰਧਕ ਹਜਨ ਕਲਹੋਰੋ, ਰਬ ਨਵਾਜ਼ ਗਾਹੋ ਅਤੇ ਹੋਰਨਾਂ ਨੇ ਸਿੰਧੀ ਲੋਕਾਂ ਦੇ ਖਿਲਾਫ ਪਾਕਿਸਤਾਨੀ ਅੱਤਿਆਚਾਰਾਂ ਦੇ ਵਿਰੁੱਧ ਵੀ ਬੋਲਿਆ।
ਕਲਹੋਰੋ ਨੇ ਕਿਹਾ, "ਪਾਕਿਸਤਾਨ ਸਰਕਾਰ ਆਪਣੀ ਜ਼ਮੀਨ ਹੜੱਪਣ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ) ਲਈ ਇਸ ਨੂੰ ਵਰਤਣ ਲਈ ਚੀਨ ਨੂੰ ਦੇਣ ਦੀ ਪ੍ਰਕਿਰਿਆ 'ਚ ਹੈ।"
"ਅਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਸਿੰਧ ਵਿਚ ਗਾਇਬ ਹੋਣ ਦੀ ਵੱਡੀ ਲਹਿਰ ਹੈ। ਕੋਈ ਵੀ ਐਕਟੀਵਿਸਟ, ਜੋ ਸਿੰਧੀ ਅਧਿਕਾਰਾਂ ਦੀ ਸੁਰੱਖਿਆ ਲਈ ਆਪਣੀ ਆਵਾਜ਼ ਚੁੱਕਦਾ ਹੈ, ਖਤਮ ਹੋ ਜਾਂਦਾ ਹੈ।"
ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਸਿੰਧ ਅਤੇ ਬਲੋਚਿਸਤਾਨ 'ਚ ਲੋਕਾਂ ਦੀ ਮਦਦ ਲਈ ਅਸਲ ਸੱਚਾਈ ਦਾ ਪਤਾ ਲਾਉਣ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਲੂਚ ਅਤੇ ਸਿੰਧੀ ਲੋਕ ਪਾਕਿਸਤਾਨ ਤੋਂ ਆਜ਼ਾਦ ਹੋਣ ਦੀ ਲਗਾਤਾਰ ਮੰਗ ਕਰ ਰਹੇ ਹਨ।