ਇਸਲਾਮਾਬਾਦ,
13 ਸਤੰਬਰ : ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਸੱਭ ਤੋਂ ਵੱਧ ਵਿਕਣ ਵਾਲੇ
ਉਰਦੂ ਅਖ਼ਬਾਰ ਰੋਜ਼ਾਨਾ 'ਮੁਜਾਦਾਲਾ' ਦੇ ਦਫ਼ਤਰ ਨੂੰ ਪਾਕਿਸਤਾਨੀ ਸਰਕਾਰ ਨੇ ਤਾਲਾ ਲਗਾ
ਦਿਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸ਼ਹਿਰ ਰਾਵਲਕੋਟ ਤੋਂ ਪ੍ਰਕਾਸ਼ਤ ਹੋਣ
ਵਾਲੇ ਇਸ ਅਖ਼ਬਾਰ ਨੇ ਪੀ.ਓ.ਕੇ. 'ਚ ਰਹਿਣ ਵਾਲੇ ਲੋਕਾਂ ਵਿਚਕਾਰ ਸਰਵੇ ਕਰਵਾਇਆ ਸੀ, ਜਿਸ
'ਚ ਪੁਛਿਆ ਗਿਆ ਸੀ ਕਿ ਉਨ੍ਹਾਂ ਦਾ ਪਾਕਿਸਤਾਨ 'ਚ ਰਹਿਣ ਬਾਰੇ ਕੀ ਵਿਚਾਰ ਹੈ?
ਰੀਪਬਲਿਕ
ਚੈਨਲ ਅਨੁਸਾਰ ਲਗਭਗ 73 ਫ਼ੀ ਸਦੀ ਲੋਕਾਂ ਨੇ ਪਾਕਿਸਤਾਨ 'ਚ ਰਹਿਣ ਵਿਰੁਧ ਵੋਟਿੰਗ ਕੀਤੀ।
ਅਜਿਹੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ 'ਚ ਤਰਥੱਲੀ ਮਚ ਗਈ ਅਤੇ ਪਾਕਿਸਤਾਨ
ਸਰਕਾਰ ਨੇ ਤਰੰਤ ਅਖ਼ਬਾਰ 'ਤੇ ਰੋਕ ਲਗਾ ਦਿਤੀ। ਚੈਨਲ ਨੂੰ ਅਖ਼ਬਾਰ ਦੇ ਐਡੀਟਰ ਹਾਰਿਸ
ਕਵਾਦਰ ਨੇ ਦਸਿਆ, ''ਅਸੀਂ ਲੋਕਾਂ ਨੂੰ ਦੋ ਸਵਾਲ ਕੀਤੇ ਸਨ। ਪਹਿਲਾਂ ਕਿ ਕੀ ਉਹ 1948 ਦੇ
ਕਸ਼ਮੀਰ ਦੇ ਸਟੇਟਸ ਨੂੰ ਬਦਲਣਾ ਚਾਹੁੰਦੇ ਹਨ ਤਾਂ ਜ਼ਿਆਦਾਤਰ ਲੋਕ ਇਸ 'ਤੇ ਸਹਿਮਤ ਸਨ।
ਉਥੇ ਹੀ 73 ਫ਼ੀ ਸਦੀ ਕਸ਼ਮੀਰੀ ਪਾਕਿਸਤਾਨ ਤੋਂ ਆਜ਼ਾਦੀ ਦੇ ਪੱਖ 'ਚ ਨਜ਼ਰ ਆਏ।'' ਉਨ੍ਹਾਂ
ਦਸਿਆ ਕਿ ਇਸ ਸਰਵੇ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸ਼ੁਰੂ 'ਚ ਉਨ੍ਹਾਂ
ਨੂੰ ਨੋਟਿਸ ਭੇਜ ਕੇ ਡਰਾਇਆ। ਇਸ ਤੋਂ ਬਾਦਅ ਉਨ੍ਹਾਂ ਨੇ ਦਫ਼ਤਰ 'ਤੇ ਤਾਲਾ ਲਗਾ ਦਿਤਾ।
ਇਹ
ਸਰਵੇ ਲਗਭਗ 10 ਹਜ਼ਾਰ ਲੋਕਾਂ 'ਤੇ ਕਰਵਾਇਆ ਗਿਆ। ਇਸ ਸਰਵੇ 'ਚ 5 ਸਾਲ ਦਾ ਸਮਾਂ ਲਗਿਆ।
73 ਫ਼ੀ ਸਦੀ ਕਸ਼ਮੀਰੀ ਪਾਕਿਸਤਾਨ ਤੋਂ ਵੱਖ ਹੋਣ ਦੀ ਗੱਲ 'ਤੇ ਸਹਿਮਤ ਨਜ਼ਰ ਆਏ। ਉਂਜ ਇਹ
ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ 'ਚ ਆਜ਼ਾਦੀ ਦੀ ਮੰਗ ਦੀ ਆਵਾਜ਼
ਉਠੀ ਹੈ। ਇਸ ਤੋਂ ਪਹਿਲਾਂ ਸਿੰਧ ਅਤੇ ਬਲੋਚਿਸਤਾਨ 'ਚ ਵੀ ਆਜ਼ਾਦੀ ਦੀ ਮੰਗ ਉਠਦੀ ਰਹਿੰਦੀ
ਹੈ।