ਪਾਕਿਸਤਾਨ 'ਚ ਬੰਬ ਧਮਾਕਾ, ਛੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਖ਼ਬਰਾਂ, ਕੌਮਾਂਤਰੀ


ਪੇਸ਼ਾਵਰ, 17 ਸਤੰਬਰ : ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਅਸ਼ਾਂਤ ਕਬਾਇਲੀ ਖੇਤਰ 'ਚ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਅੱਜ ਆਈ.ਈ.ਡੀ. ਧਮਾਕਾ ਕੀਤਾ ਗਿਆ, ਜਿਸ 'ਚ ਛੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ।

ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲਗਦੇ ਬਾਜੌਰ ਏਜੰਸੀ ਦੀ ਮਾਮੂੰਦ ਤਹਿਸੀਲ ਦੇ ਟਾਂਗੀ ਇਲਾਕੇ 'ਚ ਇਹ ਘਟਨਾ ਵਾਪਰੀ। ਰਾਜਨੀਤਕ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਧਮਾਕੇ 'ਚ ਇਕ ਸੀਨੀਅਰ ਅਧਿਕਾਰੀ ਸਮੇਤ 6 ਲੋਕ ਮਾਰੇ ਗਏ। ਧਮਾਕੇ 'ਚ ਗੱਡੀ ਦਾ ਚਾਲਕ ਜ਼ਖ਼ਮੀ ਹੋ ਗਿਆ। ਇਸ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਫੋਰਸ ਇਲਾਕੇ ਵਿਚ ਰੂਟੀਨ ਵਾਂਗ ਗਸ਼ਤ ਕਰ ਰਹੀ ਸੀ ਅਤੇ ਉਨ੍ਹਾਂ ਦੇ ਮੌਕੇ ਉਤੇ ਪਹੁੰਚਣ 'ਤੇ ਅਤਿਵਾਦੀਆਂ ਨੇ ਰਿਮੋਟ ਨਾਲ ਆਈ.ਈ.ਡੀ. ਧਮਾਕਾ ਕਰ ਦਿਤਾ। ਇਸ 'ਚ ਦਸਿਆ ਗਿਆ ਹੈ ਕਿ ਸੁਰੱਖਿਆ ਫੋਰਸਾਂ ਨੇ ਸਮੁੱਚੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਮੁਲਜ਼ਮਾਂ ਨੂੰ ਫੜਣ ਲਈ ਸਰਚ ਮੁਹਿੰਮ ਵਿੱਢ ਦਿਤੀ ਗਈ ਹੈ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਧਮਾਕੇ ਦੀ ਜ਼ਿੰਮੇਵਾਰ ਲੈਂਦਿਆਂ ਕਿਹਾ ਕਿ ਉਹ ਪਾਕਿਸਤਾਨ ਦੇ ਕਾਲੇ ਕਾਫ਼ਿਰ ਲੋਕਤੰਤਰਿਕ ਵਿਵਸਥਾ ਨੂੰ ਖ਼ਤਮ ਕਰ ਕੇ ਇਸਲਾਮਿਕ ਨਿਆਂ ਪ੍ਰਣਾਲੀ ਲਾਗੂ ਕਰਨਾ ਚਾਹੁੰਦਾ ਹੈ।

ਬਾਜੌਰ ਏਜੰਸੀ ਤੋਂ ਪਹਿਲਾਂ ਵੀ ਅਤਿਵਾਦੀਆਂ ਅਤੇ ਸੁਰੱਖਿਆ ਫ਼ੌਜ ਵਿਚਕਾਰ ਮੁਕਾਬਲੇ ਹੁੰਦੇ ਰਹੇ ਹਨ। ਕਈ ਫ਼ੌਜੀ ਮੁਹਿੰਮਾਂ ਤੋਂ ਬਾਅਦ ਪਿਛਲੇ ਕੁਝ ਸਾਲਾਂ 'ਚ ਪਾਕਿਸਤਾਨ ਵਿਚ ਹਿੰਸਾ 'ਚ ਕਮੀ ਆਈ ਹੈ। ਪਰ ਕਈ ਅਤਿਵਾਦੀ ਸੰਗਠਨ ਦੇਸ਼, ਖਾਸ ਕਰ ਕੇ ਉੱਤਰ-ਪੱਛਮ 'ਚ ਹਾਲੇ ਵੀ ਸਰਗਰਮ ਹਨ। (ਪੀਟੀਆਈ)