ਪਾਕਿਸਤਾਨ 'ਚ ਦਲਿਤ ਹਿੰਦੂ ਮਹਿਲਾ ਕ੍ਰਿਸ਼ਨਾ ਕੋਹਲੀ ਨੇ ਰਚਿਆ ਇਤਿਹਾਸ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਹਿੰਦੂ ਦਲਿਤ ਮਹਿਲਾ ਕ੍ਰਿਸ਼ਨਾ ਕੋਹਲੀ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ...ਉਹ ਪਾਕਿਸਤਾਨ ਵਿਚ ਸੀਨੇਟਰ ਚੁਣੀ ਜਾਣ ਵਾਲੀ ਪਹਿਲੀ ਹਿੰਦੂ ਮਹਿਲਾ ਬਣ ਗਈ ਹੈ। 

ਕ੍ਰਿਸ਼ਨਾ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਥਾਰ ਤੋਂ ਮੁਸਲਿਮ ਦੇਸ਼ ਵਿਚ ਪਹਿਲੀ ਹਿੰਦੂ ਮਹਿਲਾ ਸੀਨੇਟਰ ਬਣੀ ਹੈ। ਦੱਸ ਦੇਈਏ ਕਿ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਨੇ ਘੱਟ ਗਿਣਤੀਆਂ ਦੇ ਲਈ ਇੱਕ ਸੀਟ 'ਤੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਕ੍ਰਿਸ਼ਨਾ ਦੀ ਸੀਟ ਤੋਂ 12 ਉਮੀਦਵਾਰ ਉਸ ਦੇ ਖਿਲਾਫ਼ ਚੋਣ ਲੜ ਰਹੇ ਸਨ...ਪਰ ਉਨ੍ਹਾਂ ਸਾਰਿਆਂ ਨੂੰ ਮਾਤ ਦਿੰਦਿਆਂ ਕ੍ਰਿਸ਼ਨਾ ਨੇ ਬਾਜ਼ੀ ਮਾਰ ਲਈ ਹੈ।

ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕ੍ਰਿਸ਼ਨਾ ਦਾ ਜਨਮ 1979 ਵਿਚ ਸਿੰਧ ਦੇ ਨਗਰਪਾਰਕਰ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਹੋਇਆ ਸੀ। ਕ੍ਰਿਸ਼ਨਾ ਦਾ ਸਬੰਧ ਆਜ਼ਾਦੀ ਘੁਲਾਟੀਏ ਰੂਪਲੋ ਕੋਹਲੀ ਪਰਿਵਾਰ ਨਾਲ ਹੈ। ਉਸ ਨੇ ਬਚਪਨ ਵਿਚ ਮਜ਼ਦੂਰੀ ਵੀ ਕੀਤੀ ਹੈ। 

ਕ੍ਰਿਸ਼ਨਾ ਦਾ ਵਿਆਹ ਸਿਰਫ਼ 16 ਸਾਲ ਦੀ ਉਮਰ ਵਿਚ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 2013 ਵਿਚ ਸਿੰਧ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਦੀ ਮਾਸਟਰ ਡਿਗਰੀ ਹਾਸਲ ਕੀਤੀ।

ਕ੍ਰਿਸ਼ਨਾ ਲਾਲ ਕੋਹਲੀ ਨੇ ਸਾਲ 2005 'ਚ ਸਮਾਜਿਕ ਕੰਮ ਕਰਨੇ ਸ਼ੁਰੂ ਕੀਤੇ ਸਨ ਅਤੇ ਉਸ ਨੂੰ ਸਾਲ 2007 ਵਿਚ ਇਸਲਾਮਾਬਾਦ 'ਚ ਕਰਵਾਏ ਤੀਜੇ ਮੇਹਰਗੜ੍ਹ ਮਨੁੱਖੀ ਅਧਿਕਾਰ ਲੀਡਰਸ਼ਿਪ ਸਿਖਲਾਈ ਕੈਂਪ ਲਈ ਚੁਣਿਆ ਗਿਆ ਅਤੇ ਉਹ ਸਰਗਰਮ ਮਨੁੱਖੀ ਅਧਿਕਾਰ ਕਾਰਕੁੰਨ ਦੇ ਰੂਪ ਵਿਚ ਉਭਰੀ।

ਕ੍ਰਿਸ਼ਨਾ ਦੇ ਸੀਨੇਟਰ ਚੁਣੇ ਜਾਣ ਤੋਂ ਬਾਅਦ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਦੇ ਸੀਨੇਟਰ ਚੁਣੇ ਜਾਣ ਤੋਂ ਬਾਅਦ ਹੁਣ ਬਹੁ ਗਿਣਤੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਦਲਿਤ ਹਿੰਦੂਆਂ ਨੂੰ ਇਨਸਾਫ਼ ਦੀ ਉਮੀਦ ਬੱਝੀ ਹੈ।