ਪਾਕਿਸਤਾਨ ਦੇ ਚਰਚ 'ਚ ਆਤਮਘਾਤੀ ਬੰਬ ਧਮਾਕਾ, 8 ਹਲਾਕ

ਖ਼ਬਰਾਂ, ਕੌਮਾਂਤਰੀ

ਕੋਇਟਾ, 17 ਦਸੰਬਰ : ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਐਤਵਾਰ ਨੂੰ ਇਕ ਚਰਚ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਨੁਸਾਰ ਜਾਰਘੋਨ 'ਚ ਸਥਿਤ ਇਕ ਚਰਚ ਵਿਚ ਅਤਿਵਾਦੀਆਂ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਥੇ ਪ੍ਰਾਰਥਨਾ ਕੀਤੀ ਜਾ ਰਹੀ ਸੀ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫ਼ਰਾਜ ਬੁਗਤੀ ਨੇ ਦਸਿਆ ਕਿ ਹਮਲੇ 'ਚ ਘੱਟੋ-ਘੱਟ ਦੋ ਹਮਲਾਵਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਕ ਹਮਲਾਵਰ ਨੂੰ ਪੁਲਿਸ ਨੇ ਦਰਵਾਜ਼ੇ 'ਤੇ ਹੀ ਮਾਰ ਦਿਤਾ, ਜਦਕਿ ਦੂਜਾ ਹਮਲਾਵਾਰ, ਜਿਸ ਨੇ ਆਤਮਘਾਤੀ ਜੈਕੇਟ ਪਹਿਨੀ ਹੋਈ ਸੀ, ਚਰਚ ਅੰਦਰ ਦਾਖ਼ਲ ਹੋ ਗਿਆ ਅਤੇ ਖੁਦ ਨੂੰ ਉਡਾ ਲਿਆ। ਜ਼ਖ਼ਮੀਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ, ਜਿਨ੍ਹਾਂ 'ਚੋਂ ਦੋ ਹੀ ਹਾਲਤ ਗੰਭੀਰ ਹੈ।
ਡੀ.ਆਈ.ਜੀ. ਪੁਲਿਸ ਅਬਦੁਲ ਰੱਜਾਕ ਚੀਮਾ ਨੇ ਦਸਿਆ ਕਿ ਹਮਲੇ 'ਚ ਦੋ ਹੋਰ ਹਮਲਾਵਰ ਸ਼ਾਮਲ ਸਨ, ਪਰ ਪੁਲਿਸ ਵਲੋਂ ਇਕ ਹਮਲਾਵਰ ਨੂੰ ਮਾਰੇ ਜਾਣ ਮਗਰੋਂ ਬਾਕੀ ਉਥੋਂ ਫ਼ਰਾਰ ਹੋ ਗਏ। ਹਾਲੇ ਤਕ ਕਿਸੇ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮਵਾਰ ਨਹੀਂ ਲਈ ਹੈ, ਪਰ ਤਾਲਿਬਾਨ ਦੇ ਅਤਿਵਾਦੀ ਪਹਿਲਾਂ ਵੀ ਈਸਾਈਆਂ ਸਮੇਤ ਕਈ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।
ਕੋਇਟਾ ਦੇ ਹਸਪਤਾਲਾਂ 'ਚ ਐਮਰਜੈਂਸੀ ਐਲਾਨ ਦਿਤੀ ਗਈ ਹੈ। ਪੁਲਿਸ ਤੇ ਬਚਾਅ ਦਲ ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਮਦਦ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਇਸ ਦੁਖਦਾਈ ਘਟਨਾ ਦੀ ਨਿਖੇਧੀ ਕੀਤੀ ਹੈ। ਪੁਲਿਸ ਮੁਤਾਬਕ ਜਿਸ ਥਾਂ 'ਤੇ ਹਮਲਾ ਹੋਇਆ, ਉਹ ਅਫ਼ਗ਼ਾਨਿਸਤਾਨ ਦੀ ਸਰਹੱਦ ਤੋਂ ਲਗਭਗ 65 ਕਿਲੋਮੀਟਰ ਦੂਰ ਹੈ। ਹਮਲੇ ਸਮੇਂ ਚਰਚ 'ਚ ਲਗਭਗ 400 ਲੋਕ ਮੌਜੂਦ ਸਨ।
ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ 2014 'ਚ ਪੇਸ਼ਾਵਰ ਸਕੂਲ 'ਚ ਹਮਲੇ ਦੌਰਾਨ ਲਗਭਗ 150 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ ਵਧੇਰੇ ਵਿਦਿਆਰਥੀ ਸਨ। (ਪੀਟੀਆਈ)