ਪਾਕਿਸਤਾਨ ਦੀਆਂ ਗ਼ਲਤੀਆਂ ਲੱਭਣ ਤੋਂ ਪਹਿਲਾਂ ਅਸੀ ਅਪਣੇ ਪ੍ਰਬੰਧ ਦੀਆਂ ਖ਼ਾਮੀਆਂ ਬਾਰੇ ਵੀ ਤਾਂ ਕੁੱਝ ਕਰੀਏ

ਖ਼ਬਰਾਂ, ਕੌਮਾਂਤਰੀ

ਸਪੋਕਸਮੈਨ ਅਖ਼ਬਾਰ ਨੇ ਹਮੇਸ਼ਾ ਹੀ ਅਪਣੀ ਸੂਝ-ਬੂਝ ਅਤੇ ਦਲੇਰੀ ਨਾਲ ਹਰ ਗੰਭੀਰ ਤੋਂ ਗੰਭੀਰ ਮੁੱਦੇ ਨੂੰ ਲੋਕਾਂ ਦੇ ਸਨਮੁਖ ਪੇਸ਼ ਕੀਤਾ ਹੈ ਤੇ ਮੇਰੇ ਵਰਗੇ ਹਜ਼ਾਰਾਂ ਹੀ ਪਾਠਕਾਂ ਨੂੰ ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਸਮਝਾਇਆ ਹੈ।

ਮੇਰਾ ਅੱਜ ਦਾ ਵਿਸ਼ਾ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਪਾਕਿਸਤਾਨ ਵਲੋਂ ਕੀਤਾ ਗਿਆ ਸਲੂਕ ਹੈ, ਜਿਸ ਨੂੰ ਪਿਛਲੇ ਸਾਲ ਪਾਕਿਸਤਾਨ ਨੇ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਤਾਜ਼ਾ ਘਟਨਾਕ੍ਰਮ ਉਸ ਦੇ ਪ੍ਰਵਾਰ ਵਲੋਂ ਪਾਕਿਸਤਾਨ ਵਿਚ ਉਸ ਨਾਲ ਕੀਤੀ ਮੁਲਾਕਾਤ ਨਾਲ ਸਬੰਧਤ ਹੈ। ਉਸ ਦੀ ਮਾਂ ਅਤੇ ਉਸ ਦੀ ਪਤਨੀ ਨੇ ਉਥੇ ਜਾ ਕੇ 40 ਮਿੰਟਾਂ ਦੇ ਲਗਭਗ ਉਸ ਨਾਲ ਗੱਲਬਾਤ ਕੀਤੀ। ਭਾਰਤੀ ਇਲੈਕਟ੍ਰਾਨਿਕ ਮੀਡੀਆ ਵਲੋਂ ਇਸ ਮੁਲਾਕਾਤ ਬਾਰੇ ਬਹੁਤ ਹਾਲ-ਦੁਹਾਈ ਪਾਈ ਜਾ ਰਹੀ ਹੈ ਕਿ 'ਪਾਕਿਸਤਾਨ ਨੇ ਮਾਂ ਅਤੇ ਪੁੱਤਰ ਵਿਚਕਾਰ ਕੱਚ ਦੀ ਕੰਧ ਖੜੀ ਕਰ ਦਿਤੀ, ਉਸ ਦੀ ਮਾਂ ਅਤੇ ਪਤਨੀ ਦੀ ਬੇਇੱਜ਼ਤੀ ਕੀਤੀ ਗਈ' ਵਗ਼ੈਰਾ ਵਗ਼ੈਰਾ। ਜਾਧਵ ਅਤੇ ਉਸ ਦੇ ਪ੍ਰਵਾਰ ਦੀ ਮੁਲਾਕਾਤ ਇੰਟਰਕਾਮ ਜ਼ਰੀਏ ਕਰਵਾਈ ਗਈ ਸੀ ਅਤੇ ਸਾਡਾ ਮੀਡੀਆ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਦੀਆਂ ਤਿਹਾੜ ਵਰਗੀਆਂ ਜੇਲਾਂ ਵਿਚ ਇਹ ਪ੍ਰਬੰਧ ਬਹੁਤ ਸਮਾਂ ਪਹਿਲਾਂ ਤੋਂ ਹੀ ਚਲ ਰਿਹਾ ਹੈ। 

ਘਰ ਤੋਂ ਲਿਆਂਦਾ ਗਿਆ ਸਮਾਨ ਜਿਵੇਂ ਰੋਟੀ ਅਤੇ ਕਪੜੇ ਆਦਿ ਵਾਪਸ ਕਰ ਦਿਤੇ ਜਾਂਦੇ ਹਨ। ਜੇ ਕੋਈ ਪ੍ਰਵਾਰ ਅਪਣੇ ਬੰਦੇ ਨੂੰ 1000 ਰੁਪਏ ਦਿੰਦਾ ਹੈ ਤਾਂ ਜੇਲ ਦੇ ਮੁਲਾਜ਼ਮਾਂ ਵਲੋਂ ਉਸ ਵਿਚੋਂ 200 ਰੁਪਏ ਰੱਖ ਕੇ ਕੈਦੀ ਨੂੰ ਸਿਰਫ਼ 800 ਰੁਪਏ ਹੀ ਦਿਤੇ ਜਾਂਦੇ ਹਨ। ਇਸ ਘਟੀਆ ਸਿਸਟਮ ਬਾਰੇ ਹੋਰ ਵੀ ਬਹੁਤ ਕੁੱਝ ਹੈ ਦੱਸਣ ਵਾਲਾ ਪਰ ਜ਼ਿਆਦਾ ਕੁੱਝ ਨਾ ਲਿਖਦਾ ਹੋਇਆ ਏਨਾ ਹੀ ਕਹਾਂਗਾ ਕਿ ਦੂਜੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਰਤੀ ਮੀਡੀਆ ਨੂੰ ਇਕ ਨਜ਼ਰ ਸਾਡੇ ਅਪਣੇ ਸਿਸਟਮ ਵਲ ਵੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਪਾਸੇ ਮੁਲਾਕਾਤਾਂ ਕਿਵੇਂ ਕਰਵਾਈਆਂ ਜਾਂਦੀਆਂ ਹਨ।