'ਪਾਕਿਸਤਾਨ ਤੁਰੰਤ ਤਾਲੀਬਾਨ ਨੇਤਾਵਾਂ ਨੂੰ ਕਰੇ ਬਰਖਾਸਤ'

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਅਮਰੀਕਾ ਨੇ ਇਸਲਾਮਾਬਾਦ ਨੂੰ ਤੁਰੰਤ ਅਜਿਹੇ ਤਾਲੀਬਾਨੀ ਨੇਤਾਵਾਂ ਨੂੰ ਗ੍ਰਿਫਤਾਰ ਜਾਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਜੋ ਅਫਗਾਨਿਸਤਾਨ ਸੀਮਾ 'ਤੇ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਹਨ। ਕਾਬੁਲ ਸਥਿਤ ਇੰਟਰ-ਕੌਂਟੀਨੈਂਟਲ ਹੋਟਲ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਤਾਲੀਬਾਨ ਵੱਲੋਂ ਲਏ ਜਾਣ ਮਗਰੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਇਸ ਹਮਲੇ ਵਿਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ। 

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ,''ਅਸੀਂ ਪਾਕਿਸਤਾਨ ਨੂੰ ਤੁਰੰਤ ਤਾਲੀਬਾਨੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਜਾਂ ਬਰਖਾਸਤ ਕਰਨ ਲਈ ਕਿਹਾ ਹੈ ਤਾਂ ਜੋ ਇਹ ਸਮੂਹ ਪਾਕਿਸਤਾਨੀ ਜ਼ਮੀਨ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਨਾ ਕਰ ਸਕੇ।'' ਸਾਰਾ ਨੇ ਕਿਹਾ,''ਅਫਗਾਨਿਸਤਾਨ ਵਿਚ ਜਿੱਥੇ ਕਾਬੁਲ ਸਥਿਤ ਇਕ ਹੋਟਲ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਹੈ। 

ਉੱਥੇ ਨਾਗਰਿਕਾਂ 'ਤੇ ਅਜਿਹੇ ਹਮਲੇ ਸਿਰਫ ਸਾਡੇ ਸਹਿਯੋਗੀ ਅਫਗਾਨ ਪ੍ਰਤੀ ਸਾਡੇ ਸਮਰਥਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਅਫਗਾਨ ਸੁਰੱਖਿਆ ਬਲਾਂ ਦੀ ਤੇਜ਼ ਅਤੇ ਪ੍ਰਭਾਵੀ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹਾਂ। ਸਾਡੇ ਸਹਿਯੋਗ ਨਾਲ ਅਫਗਾਨਿਸਤਾਨ ਬਲ ਉਨ੍ਹਾਂ ਦੁਸ਼ਮਣਾਂ ਨੂੰ ਹਰਾਉਂਦਾ ਰਹੇਗਾ, ਜੋ ਦੁਨੀਆ ਭਰ ਵਿਚ ਅੱਤਵਾਦ ਫੈਲਾਉਣਾ ਚਾਹੁੰਦੇ ਹਨ।''