ਪਰਥ 'ਚ ਵਿਰਾਸਤੀ ਮੇਲਾ ਅਮਿੱਟ ਪੈੜਾਂ ਛਡਦਾ ਸਮਾਪਤ

ਖ਼ਬਰਾਂ, ਕੌਮਾਂਤਰੀ

ਪਰਥ, 24 ਸਤੰਬਰ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਫ਼ਲਤਾ ਦੇ ਝੰਡੇ ਗੱਡਣ ਉਪਰੰਤ ਵਾਰਿਸ ਭਰਾਵਾਂ ਦਾ ਅੰਤਮ 'ਵਿਰਾਸਤੀ ਮੇਲਾ-2017' ਸਫਲਤਾ ਦੀਆਂ ਸ਼ਿਖ਼ਰਾਂ ਨੂੰ ਛੂੰਹਦਾ ਹੋਇਆ ਪਰਥ ਵਿਚ ਪੰਜਾਬੀਆਂ ਦੇ ਭਾਰੀ ਇਕੱਠ ਦੀ ਹਾਜ਼ਰੀ 'ਚ ਸਮਾਪਤ ਹੋਇਆ।
ਇਹ ਮੇਲਾ ਹਾਊਸ ਆਫ਼ ਭੰਗੜਾ ਤੇ ਕੈਬਿਟ ਸੁਕੇਅਰ ਦੇ ਮੁੱਖ ਪ੍ਰਮੋਟਰ ਮਨਜਿੰਦਰ ਸੰਧੂ ਤੇ ਮਨਜਿੰਦਰ ਗਿੱਲ ਵਲੋਂ ਕਰਟਨ ਯੂਨੀਵਰਸਟੀ ਬੈਨਟਲੀ ਸਟੇਡੀਅਮ 'ਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਚ ਭੰਗੜਾ ਰੂਲਜ ਦੀ ਟੀਮ ਨੇ ਭੰਗੜਾ ਪਾ ਮੇਲੇ 'ਚ ਬੈਠੇ ਸਰੋਤਿਆਂ ਦਾ ਮਨ ਮੋਹ ਲਿਆ। ਸਥਾਨਕ ਗਾਇਕ ਕਾਲਾਧਾਰਣੀ ਨੇ ਅਪਣੇ ਗੀਤਾਂ ਨਾਲ ਵਧੀਆਂ ਮਾਹੌਲ ਸਿਰਜਿਆ। ਮੰਚ ਦਾ ਸੰਚਾਲਨ ਕਾਕਾ ਬੈਨੀਪਾਲ ਵਲੋਂ ਕੀਤਾ ਗਿਆ।
ਇਸ ਤੋਂ ਬਾਅਦ ਸਰੋਤਿਆਂ ਦੀਆਂ ਤਾੜੀਆਂ ਵਿਚਕਾਰ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ ਸਟੇਜ 'ਤੇ ਆਏ। ਤਿੰਨੇ ਭਰਾਵਾਂ ਨੇ ਜਦੋਂ ਪੰਜਾਬ ਦੀ ਕਿਰਸਾਨੀ ਦੀ ਦਰਦ ਭਰੀ ਦਾਸਤਾਨ ਬਿਆਨ ਕਰਦਾ ਗੀਤ 'ਰੱਸੇ ਦੇ ਫਾਹਿਆਂ ਨੇ ਖਾ ਲਏ ਕਿਸਾਨ' ਗਾਇਆ ਤਾਂ ਹਾਲ ਦਾ ਮਾਹੌਲ ਇਕਦਮ ਸਾਂਤ ਤੇ ਗ਼ਮਗੀਨ ਹੋ ਗਿਆ। ਸੰਗਤਾਰ ਨੇ ਅਪਣੇ ਚਰਚਿਤ ਗੀਤ ਗਾ ਕੇ ਹਾਜ਼ਰੀ ਲਵਾਈ।
ਕੁੜਤੇ-ਚਾਦਰੇ 'ਚ ਫਬੇ ਕਮਲ ਹੀਰ ਨੇ ਹੱਥ 'ਚ ਚਿਮਟਾ ਫੜ ਜਦੋਂ 'ਕੈਂਠੇ ਵਾਲਾ ਪੁੱਛੇ ਤੇਰਾ ਨਾਮ' ਗਾਇਆ ਤਾਂ ਨੌਜਵਾਨਾਂ ਦਾ ਜੋਸ਼ ਵੇਖਣ ਵਾਲਾ ਸੀ। ਅਖੀਰ 'ਚ ਜਦੋਂ ਮਨਮੋਹਨ ਵਾਰਿਸ ਸਟੇਜ ਉੱਪਰ ਆਏ ਤਾਂ ਸਾਰਾ ਪੰਡਾਲ ਬਹੁਤ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ। ਵਾਰਿਸ ਨੇ ਅਪਣੇ ਪੁਰਾਣੇ ਅਤੇ ਨਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਗੱਭਰੂਆਂ ਤੇ ਮੁਟਿਆਰਾਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ।
ਅੰਤ 'ਚ ਮੇਲਾ ਪ੍ਰਬੰਧਕਾਂ ਵਲੋਂ ਵਾਰਿਸ ਭਰਾਵਾਂ, ਸਪਾਂਸਰਜ, ਸਹਿਯੋਗੀ ਸੰਸਥਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਆ ਅਤੇ ਜਸਟਿਸ ਆਫ ਪੀਸ ਬਲਵਿੰਦਰ ਬੱਲੀ, ਕਾਕਾ ਬੈਨੀਪਾਲ ਸਮੇਤ ਪਹੁੰਚੇ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਧਨਵਾਦ ਕੀਤਾ। ਇਸ ਮੌਕੇ ਹਾਊਸ ਆਫ਼ ਭੰਗੜਾ ਵਲੋਂ ਅਮਰਿੰਦਰ ਬਾਠ, ਨਿਤਿਨ ਗਠਾਨੀ, ਮਨਪ੍ਰੀਤ ਕਾਹਲੋਂ, ਗੁਰਵਿੰਦਰ ਬੁੱਟਰ, ਗੋਲਡੀ ਪਾਡਾ, ਇੰਦਰ ਘੁਮਾਣ ਤੇ ਅਜ਼ਾਦ ਸਿੱਧੂ ਹਾਜ਼ਰ ਸਨ।