ਪਿਊਰਟੋ ਰਿਕੋ ਦੇ 34 ਲੱਖ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ

ਖ਼ਬਰਾਂ, ਕੌਮਾਂਤਰੀ

ਸੈਨ ਜੁਆਨ, 28 ਸਤੰਬਰ : ਕੈਰੇਬੀਆਈ ਟਾਪੂ ਪਿਊਰਟੋ ਰਿਕੋ ਦੇ 34 ਲੱਖ ਲੋਕ (97 ਫ਼ੀ ਸਦੀ) 'ਮਾਰਿਆ' ਤੂਫ਼ਾਨ ਆਉਣ ਦੇ ਇਕ ਹਫ਼ਤੇ ਬਾਅਦ ਵੀ ਬਗ਼ੈਰ ਬਿਜਲੀ ਰਹਿ ਰਹੇ ਹਨ।
ਸੀ.ਐਨ.ਐਨ. ਨੇ ਗਵਰਨਰ ਰਿਕਾਡਰੇ ਰੋਸੇਲੋ ਦੇ ਹਵਾਲੇ ਤੋਂ ਦਸਿਆ ਕਿ ਅਮਰੀਕਾ ਅਧੀਨ ਆਉਣ ਵਾਲੇ ਇਸ ਟਾਪੂ ਦੇ ਲਗਭਗ ਅੱਧੇ ਲੋਕਾਂ ਤਕ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ ਅਤੇ ਅਧਿਕਾਰੀ ਟਾਪੂ 'ਤੇ ਹਰ ਥਾਂ ਭੋਜਨ, ਈਂਧਨ ਅਤੇ ਪਾਣੀ ਉਪਲੱਬਧ ਕਰਵਾਉਣ ਦੇ ਕੰਮ 'ਚ ਲਗੇ ਹੋਏ ਹਨ। ਇਥੇ ਲੋਕਾਂ ਨੂੰ ਗੈਸ, ਭੋਜਨ ਆਦਿ ਲੈਣ ਲਈ ਲੰਮੀ-ਲੰਮੀ ਲਾਈਨਾਂ 'ਚ ਖੜੇ ਹੋ ਕੇ ਇੰਤਜਾਰ ਕਰਨਾ ਪੈ ਰਿਹਾ ਹੈ। ਗੈਸ ਸਟੇਸ਼ਨ ਅਤੇ ਸੁਪਰ ਮਾਰਕੀਟ ਨਿਸ਼ਚਿਤ ਮਾਤਰਾ 'ਚ ਹੀ ਚੀਜਾਂ ਦੀ ਸਪਲਾਈ ਕਰ ਰਹੇ ਹਨ, ਜਦਕਿ ਬੈਂਕ ਨਕਦੀ ਦੀ ਕਮੀ ਨਾਲ ਜੂਝ ਰਹੇ ਹਨ।
ਗਵਰਨਰ ਨੇ ਕਿਹਾ, ''ਅਸੀਂ ਆਪਾਤਕਾਲੀਨ ਹਾਲਤ 'ਚ ਹਾਂ। ਸਾਡਾ ਧਿਆਨ ਊਰਜਾ ਬਹਾਲ ਕਰਨਾ ਨਹੀਂ ਹੈ। ਬਿਜਲੀ ਗ੍ਰਿਡ ਤਬਾਹ ਹੋ ਗਏ ਹਨ ਅਤੇ ਇਸ ਨੂੰ ਮੁੜ ਬਣਾਉਣ ਦੀ ਲੋੜ ਹੈ। ਇਸ ਦੇ ਦੁਬਾਰਾ ਸ਼ੁਰੂ ਹੋਣ 'ਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਸੰਕਟ ਦੇ ਮਾਮਲੇ 'ਚ ਇਹ ਪਿਊਰਟੋ ਰਿਕੋ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਤਬਾਹੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਆਏ ਤੂਫ਼ਾਨ ਤੋਂ ਪਿਊਰਟੋ ਰਿਕੋ 'ਚ 16, ਡੋਮਿਨਿਕਾ 'ਚ 27 ਅਤੇ ਅਮਰੀਕਾ ਵਰਜਿਨ ਆਈਸਲੈਂਡਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਪਿਊਰਟੋ ਰਿਕੋ 'ਚ ਸ਼ਕਤੀਸ਼ਾਲੀ ਤੂਫ਼ਾਨ 'ਮਾਰਿਆ' ਦੀ ਦਸਤਕ ਮਗਰੋਂ ਇਥੇ ਬਿਜਲੀ ਸਪਲਾਈ ਬੰਦ ਹੋ ਗਈ ਸੀ। ਗਵਰਨਰ ਰੋਸੇਲੋ ਨੇ ਬੁਧਵਾਰ ਰਾਤ ਸੀ.ਐਨ.ਐਨ. ਨੂੰ ਦਸਿਆ ਕਿ ਪੂਰੀ ਬਿਜਲੀ ਪ੍ਰਣਾਲੀ ਬੰਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਿਊਰਟੋ ਕਾਫੀ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਹੈ। ਇਹ ਕਰਜ਼ੇ 'ਚ ਡੁੱਬਿਆ ਹੋਇਆ ਹੈ। ਇਥੇ ਦੀ ਪਾਵਰ ਗ੍ਰਿਡ ਵੀ ਪੁਰਾਣੀ ਹੈ ਅਤੇ ਕਾਫੀ ਕਮਜੋਰ ਹੋ ਚੁਕੀ ਹੈ।