ਪ੍ਰਮਾਣੂ ਹਥਿਆਰ ਵਿਰੋਧੀ ਮੁਹਿੰਮ ਸਮੂਹ ਨੂੰ ਨੋਬੇਲ ਸ਼ਾਂਤੀ ਪੁਰਸਕਾਰ

ਖ਼ਬਰਾਂ, ਕੌਮਾਂਤਰੀ

ਓਸਲੋ, 6 ਅਕਤੂਬਰ: ਕੋਮਾਂਤਰੀ ਪ੍ਰਮਾਣੂ ਹਥਿਆਰ ਖ਼ਾਤਮਾ ਮੁਹਿੰਮ (ਆਈ.ਸੀ.ਏ.ਐਨ.) ਨੂੰ ਅੱਜ 2017 ਦਾ ਨੋਬੇਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਆਈ.ਸੀ.ਏ.ਐਲ. ਇਕ ਕੌਮਾਂਤਰੀ ਕਰਾਰ ਉਤੇ ਆਧਾਰਤ ਪਾਬੰਦੀ ਦੇ ਜ਼ਰੀਏ ਪ੍ਰਮਾਣੂ ਹਥਿਆਰਾਂ ਨੂੰ ਮਿਟਾਉਣ ਦੀ ਮੁਹਿੰਮ 'ਚ ਲਗਿਆ ਹੋਇਆ ਹੈ।
ਨਾਰਵੇ ਦੀ ਨੋਬੇਲ ਕਮੇਟੀ ਦੀ ਮੁਖੀ ਬੇਰਿਟ ਰੀਜ ਐਂਡਰਸਨ ਨੇ ਇਕ ਐਲਾਨ 'ਚ ਕਿਹਾ ਕਿ ਜਿਨੇਵਾ ਸਥਿਤ ਸਮੂਹ ਆਈ.ਸੀ.ਏ.ਐਨ. ਨੂੰ 11 ਲੱਖ ਡਾਲਰ ਇਨਾਮੀ ਰਕਮ ਵਾਲਾ ਪੁਰਸਕਾਰ ਦਿਤਾ ਗਿਆ ਕਿਉਂਕਿ ਇਹ ਪ੍ਰਮਾਣੂ ਹਥਿਆਰਾਂ ਦੀ ਨਿੰਦਾ, ਉਨ੍ਹਾਂ 'ਤੇ ਪਾਬੰਦੀ ਲਾਉਣ ਅਤੇ ਉਨ੍ਹਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਲਈ ਸਹਿਯੋਗ ਕਰਨ ਦਾ ਅਹਿਦ ਲੈਣ ਖ਼ਾਤਰ ਦੁਨੀਆਂ ਭਰ ਦੇ ਦੇਸ਼ਾਂ ਨੂੰ ਪ੍ਰੇਰਿਤ ਕਰ ਰਿਹਾ ਹੇ।
ਉਨ੍ਹਾਂ ਕਿਹਾ ਕਿ ਪ੍ਰਮਾਣੂ ਹਥਿਆਰਾਂ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਕਰਾਰ 'ਤੇ ਸੰਯੁਕਤ ਰਾਸ਼ਟਰ ਦੀ ਗੱਲਬਾਤ ਲਈ ਅਪਣੇ ਪ੍ਰੇਰਕ ਅਤੇ ਨਵੀਂ ਸੋਚ ਵਾਲੀ ਹਮਾਇਤ ਜ਼ਰੀਏ ਆਈ.ਸੀ.ਏ.ਐਨ. ਨੇ ਇਕ ਵੱਡੀ ਭੂਮਿਕਾ ਨਿਭਾਈ ਹੈ।
ਆਈ.ਸੀ.ਏ.ਐਨ. ਦੀ ਕਾਰਜਕਾਰੀ ਨਿਰਦੇਸ਼ਕ ਬ੍ਰਿਟਿਸ ਫਿਨ ਨੇ ਜਿਨੇਵਾ 'ਚ ਕਿਹਾ ਕਿ ਪੁਰਸਕਾਰ ਨਾਲ ਸਾਰੇ ਪ੍ਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਅਤੇ ਸੁਰੱਖਿਆ ਲਈ ਪ੍ਰਮਾਣੂ ਹਥਿਆਰਾਂ ਉਤੇ ਨਿਰਭਰ ਰਹਿਣ ਵਾਲੇ ਸਾਰੇ ਦੇਸ਼ਾਂ ਨੂੰ ਇਕ ਸੰਦੇਸ਼ ਮਿਲਦਾ ਹੈ ਕਿ ਇਹ ਇਕ ਮਨਜ਼ੂਰ ਨਾ ਕਰਨ ਵਾਲਾ ਵਤੀਰਾ ਹੈ। ਅਸੀਂ ਇਸ ਦੀ ਹਮਾਇਤ ਨਹੀਂ ਕਰਾਂਗੇ, ਅਸੀਂ ਇਸ ਦੇ ਬਹਾਨੇ ਨਹੀਂ ਬਣਾਵਾਂਗੇ, ਅਸੀਂ ਸੁਰੱਖਿਆ ਦੇ ਨਾਂ 'ਤੇ ਹਜ਼ਾਰਾਂ ਨਾਗਰਿਕਾਂ ਦੇ ਅੰਨ੍ਹੇਵਾਹ ਕਤਲ ਦਾ ਖ਼ਤਰਾ ਪੈਦਾ ਨਹੀਂ ਕਰ ਸਕਦੇ। ਇਸ ਤਰ੍ਹਾਂ ਸੁਰੱਖਿਆ ਦਾ ਨਿਰਮਾਣ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਉਹ ਪ੍ਰਮਾਣੂ ਹਥਿਆਰਾਂ ਨਾਲ ਲੈਸ ਸਾਰੇ ਦੇਸ਼ਾਂ - ਉੱਤਰੀ ਕੋਰੀਆ, ਅਮਰੀਕਾ, ਰੂਸ, ਚੀਨ, ਫ਼ਰਾਂਸ, ਬਰਤਾਨੀਆ, ਇਸਰਾਇਲ, ਭਾਰਤ, ਪਾਕਿਸਤਾਨ - ਨੂੰ ਇਕ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨਾਗਰਿਕਾਂ ਦੇ ਕਤਲ ਦੀ ਧਮਕੀ ਦੇਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੁਰਸਕਾਰ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਦੇ ਹਮਲਾਵਰ ਵਿਕਾਸ ਅਤੇ ਨਾਲ ਹੀ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਉਤੇ ਰੋਕ ਲਾਉਣ ਵਾਲੇ ਸਮਝੌਤੇ ਦੀ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਨੂੰ ਲੈ ਕੇ ਤਣਾਅ ਵਧਿਆ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਆਈ.ਸੀ.ਏ.ਐਨ. ਨੂੰ 2017 ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਪ੍ਰਮਾਣੂ ਹਥਿਆਰਾਂ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਕਰਾਰ ਦੀ ਅੰਤਮ ਪੁਸ਼ਟੀ ਲਈ ਇਕ ਸ਼ੁੱਭ ਸੰਕੇਤ ਹੈ। ਜੁਲਾਈ 'ਚ 122 ਦੇਸ਼ਾਂ ਨੇ ਇਤਿਹਾਸਕ ਪ੍ਰਮਾਣੂ ਹਥਿਆਰ ਪਾਬੰਦੀ ਕਰਾਰ 'ਤੇ ਹਸਤਾਖ਼ਰ ਕੀਤੇ ਸਨ। (ਪੀਟੀਆਈ)