ਪ੍ਰਿਯੰਕਾ ਚੋਪੜਾ ਨੇ ਕੀਤੀ ਸੀਰੀਆ ਦੇ ਸ਼ਰਨਾਰਥੀਆਂ ਨਾਲ ਮੁਲਾਕਾਤ

ਖ਼ਬਰਾਂ, ਕੌਮਾਂਤਰੀ

ਕਾਹਿਰਾ, 11 ਸਤੰਬਰ : ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅੱਜ ਜੋਰਡਨ ਵਿਚ ਸੀਰੀਆ ਦੇ ਸ਼ਰਨਾਰਥੀ ਕੈਂਪ ਦਾ ਦੌਰਾ ਕੀਤਾ ਅਤੇ ਇਥੇ ਸ਼ਰਨਾਰਥੀਆਂ ਦੀ ਸਥਿਤੀ ਵੇਖ ਕੇ ਕਾਫ਼ੀ ਹੈਰਾਨ ਹੋਈ। ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਮਾੜੀ ਸਥਿਤੀ ਵਿਚ ਰਹਿ ਰਹੇ ਸ਼ਰਨਾਰਥੀਆਂ ਦੀ ਸਹਿਣਸ਼ੀਲਤਾ ਤੋਂ ਸਾਰੀ ਦੁਨੀਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।
ਸਾਲ 2011 ਦੇ ਬਾਅਦ ਤੋਂ ਸੀਰੀਆ ਵਿਚ ਚਲ ਰਹੀ ਹਿੰਸਾ ਤੋਂ ਬਾਅਦ ਸੀਰੀਆ ਦੇ ਕਾਫ਼ੀ ਲੋਕ ਜੋਰਡਨ ਦੇ ਨਾਲ-ਨਾਲ ਲੈਬਨਾਨ, ਇਰਾਕ, ਮਿਸਰ ਅਤੇ ਟਰਕੀ ਵਰਗੇ ਦੇਸ਼ਾਂ ਵਿਚ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ। ਯੂਨੀਸੈਫ਼ ਦੀ ਅੰਬੈਸਡਰ ਪ੍ਰਿਯੰਕਾ ਚੋਪੜਾ ਨੇ ਕੈਂਪ ਵਿਚ ਰਹਿ ਰਹੇ ਬੱਚਿਆਂ ਨਾਲ ਵੀ ਸਮਾਂ ਬਿਤਾਇਆ। ਇਹ ਬੱਚੇ ਆਮ ਬੱÎਚਿਆਂ ਵਾਂਗ ਅਪਣਾ ਬਚਪਨ ਬਿਤਾਉਣਾ ਚਾਹੁੰਦੇ ਹਨ। ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਬੱਚਿਆਂ ਨਾਲ ਖੇਡਾਂ ਵੀ ਖੇਡੀਆਂ ਜਿਸ ਨੂੰ ਬਾਅਦ ਵਿਚ ਪ੍ਰਿਯੰਕਾ ਨੇ ਵੈੱਬਸਾਈਟ 'ਤੇ ਜਾਰੀ ਵੀ ਕੀਤਾ। 35 ਸਾਲਾ ਅਦਾਕਾਰਾ ਪ੍ਰਿਯੰਕਾ ਚੋਪੜਾ ਵਲੋਂ ਜਾਰੀ ਕੀਤੀ ਗਈ ਵੀਡੀਉ ਵਿਚ ਵਿਖਾਇਆ ਗਿਆ ਹੈ ਕਿ ਜੋਰਡਨ ਵਿਚ ਰਹਿ ਰਹੇ 80 ਫ਼ੀ ਸਦੀ ਤੋਂ ਜ਼ਿਆਦਾ ਸ਼ਰਨਾਰਥੀ, ਸ਼ਰਨਾਰਥੀ ਕੈਂਪਾਂ ਤੋਂ ਬਾਹਰ ਸ਼ਹਿਰਾਂ, ਪਿੰਡਾਂ ਅਤੇ ਖੇਤੀਬਾੜੀ ਖੇਤਰਾਂ ਵਿਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਾਨ ਖੇਤਰ ਵਿਚ ਸੱਭ ਤੋਂ ਵੱਧ ਸੀਰੀਆ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ ਲਗਭਗ 1,80,000 ਹੈ। ਇਥੇ ਰਹਿ ਰਹੇ ਸ਼ਰਨਾਰਥੀਆਂ ਕੋਲ ਅਪਣੀ ਰੋਜ਼ੀ-ਰੋਟੀ ਕਮਾਉਣ ਦੇ ਕਾਫ਼ੀ ਘੱਟ ਸਾਧਨ ਹਨ ਅਤੇ ਇਥੇ ਰਹਿੰਦਿਆਂ ਨੂੰ ਲਗਭਗ ਛੇ ਸਾਲ ਹੋਣ ਤੋਂ ਬਾਅਦ ਵੀ ਇਨ੍ਹਾਂ ਕੋਲ ਬਚਤ ਨਾ ਦੇ ਬਰਾਬਰ ਹੈ ਅਤੇ ਇਨ੍ਹਾਂ ਨੂੰ ਅਪਣੇ ਗੁਜ਼ਾਰੇ ਲਈ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਮਦਦ ਮੰਗਣੀ ਪੈਂਦੀ ਹੈ।
ਬੱਚਿਆਂ ਨੂੰ ਕੁੱਝ ਸਮਾਂ ਬਿਤਾਉਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਜੇ ਸਰਕਾਰਾਂ ਮਦਦ ਨਹੀਂ ਕਰ ਰਹੀਆਂ ਤਾਂ ਲੋਕਾਂ ਨੂੰ ਖ਼ੁਦ ਬਾਹਰ ਆਉਂਦਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀਰੀਆ ਦੇ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਸਿਖਿਆ ਦਿਵਾਉਣ ਲਈ ਸਾਰੀ ਦੁਨੀਆਂ ਨੂੰ ਮਦਦ ਕਰਨੀ ਹੋਵੇਗੀ। (ਪੀਟੀਆਈ)