ਲੰਦਨ, 17
ਸਤੰਬਰ : ਰੱਦੀ ਟਾਇਲਟ ਪੇਪਰ ਦੀ ਵਰਤੋਂ ਨਾਲ ਨਵਿਆਉਣਯੋਗ ਬਿਜਲੀ ਪੈਦਾ ਕੀਤੀ ਜਾ ਸਕਦੀ
ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਪੜਾਆਂ ਵਾਲੀ ਇਕ ਪ੍ਰਕਿਰਿਆ ਜ਼ਰੀਏ ਇਸ ਤਰ੍ਹਾਂ
ਕਰਨਾ ਸੰਭਵ ਹੈ ਅਤੇ ਇਸ ਪ੍ਰਕਿਰਿਆ ਵਿਚ ਰਿਹਾਇਸ਼ੀ ਇਮਾਰਤਾਂ ਵਿਚ ਲਗਾਏ ਜਾਣ ਵਾਲੇ ਸੌਰ
ਊਰਜਾ ਪੈਨਲਾਂ ਦੀ ਕੀਮਤ ਦੇ ਬਰਾਬਰ ਖ਼ਰਚ ਆਵੇਗਾ।
ਜੇ ਇਸ ਪ੍ਰਕਿਰਿਆ ਨੂੰ ਅਪਨਾਇਆ ਜਾਂਦਾ ਹੈ ਤਾਂ ਇਸ ਨਾਲ ਨਗਰ ਨਿਗਮ ਦੇ ਕੂੜਾ ਜਮਾਂ ਕਰਨ ਵਾਲੇ ਖੇਤਰਾਂ ਦੇ ਭਰ ਜਾਣ ਦੀ ਸਮੱਸਿਆ ਅਤੇ ਪਥਰਾਟ ਬਾਲਣਾਂ 'ਤੇ ਨਿਰਭਰਤਾ ਦੀ ਸਮੱਸਿਆ ਨੂੰ ਸੁਲਝਾਇਆ ਜਾ ਸਕਦਾ ਹੈ। ਰੱਦੀ ਟਾਇਲਟ ਪੇਪਰ ਨੂੰ ਅਕਸਰ ਕਿਸੇ ਕੰਮ ਦਾ ਨਹੀਂ ਸਮਝਿਆ ਜਾਂਦਾ ਹੈ। ਹਾਲਾਂਕਿ ਇਹ ਕਾਰਬਨ ਦਾ ਇਕ ਬਿਹਤਰ ਸਰੋਤ ਹੈ ਅਤੇ ਸੁੱਕਾ ਰਹਿਣ 'ਤੇ ਇਸ ਵਿਚ 70 ਤੋਂ 80 ਫ਼ੀ ਸਦੀ ਸੇਲੂਲੋਸ ਮੌਜੂਦ ਹੁੰਦਾ ਹੈ।
ਪਛਮੀ ਯੂਰਪ ਵਿਚ ਹਰ ਸਾਲ ਇਕ ਵਿਅਕਤੀ ਵਲੋਂ ਔਸਤਨ 10 ਤੋਂ
14 ਕਿਲੋਗ੍ਰਾਮ ਟਾਇਲਟ ਪੇਪਰ ਕੂੜੇ ਦੇ ਤੌਰ 'ਤੇ ਕਢਿਆ ਜਾਂਦਾ ਹੈ। ਨਾਲਿਆਂ ਵਿਚ ਜਮਾਂ
ਹੋਣ ਵਾਲੀ ਇਸ ਰੱਦੀ ਦੀ ਮਾਤਰਾ ਭਾਵੇਂ ਮਾਮੂਲੀ ਹੋਵੇ ਪਰ ਇਹ ਨਗਰ ਨਿਗਮ ਦੇ ਕੂੜੇ ਦਾ
ਮਹੱਤਵਪੂਰਣ ਹਿੱਸਾ ਹੁੰਦਾ ਹੈ। ਯੂਨੀਵਰਸਟੀ ਆਫ਼ ਐਸਟਡਰਮ ਦੇ ਸ਼ੋਧ ਕਰਤਾਵਾਂ ਮੁਤਾਬਕ
ਬਿਜਲੀ ਪੈਦਾ ਕਰਨ ਲਈ ਰੱਦੀ ਟਾਇਲਟ ਪੇਪਰ ਦੀ ਵਰਤੋਂ ਕੂੜੇ ਦੀ ਰੀਸਾਈਕਲਿੰਗ ਵਿਧੀ ਦਾ
ਵਧੀਆ ਤਰੀਕਾ ਹੈ। (ਪੀਟੀਆਈ)