ਮਾਸਕੋ- ਅਲੈਕਸੀ ਨੈਵਲਨੀ ਨੂੰ ਰੂਸ ਦੇ ਰਾਸ਼ਟਰਪਤੀ ਦੀ ਅਗਲੀ ਚੋਣ ‘ਚ ਮੌਜੂਦਾ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੂੰ ਚੁਣੌਤੀ ਦੇਣ ਵਾਲੇ ਇਕੋ ਇਕ ਵਿਰੋਧੀ ਆਗੂ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾ ਨੇ ਮਾਰਚ ‘ਚ ਹੋਣ ਵਾਲੀ ਚੋਣ ‘ਚ ਖੁਦ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ। ਸਾਰੇ ਰੂਸ ਵਿੱਚ ਅਲੈਕਸੀ ਨੈਵਲਨੀ ਦੇ ਇਸ ਫੈਸਲੇ ਦੇ ਪੱਖ ‘ਚ ਲੋਕ ਇਕੱਠੇ ਹੋ ਰਹੇ ਹਨ।
ਚੋਣ ਅਧਿਕਾਰੀਆਂ ਦੀ ਮੌਜੂਦਗੀ ‘ਚ ਰੂਸ ਦੇ 20 ਸ਼ਹਿਰਾਂ ‘ਚ 41 ਸਾਲਾ ਵਕੀਲ ਨੈਵਲਨੀ ਦੇ ਸਮਰਥਨ ‘ਚ ਹਜ਼ਾਰਾਂ ਲੋਕ ਮੀਟਿੰਗਾਂ ਕਰ ਰਹੇ ਹਨ। ਉਹ ਨੈਵਲਨੀ ਨੂੰ ਅਧਿਕਾਰਤ ਉਮੀਦਵਾਰ ਬਣਾਉਣ ਦੀ ਮੰਗ ਕਰ ਰਹੇ ਹਨ।ਚੋਣ ਅਧਿਕਾਰੀ ਉਨ੍ਹਾਂ ਨੂੰ ਚੋਣ ਲੜਨ ਜੇ ਅਯੋਗ ਮੰਨਦੇ ਹਨ, ਕਿਉਂਕਿ ਉਨ੍ਹਾਂ ਨੂੰ ਅਪਰਾਧਿਕ ਕੇਸ ਵਿੱਚ ਦੋਸ਼ੀ ਮੰਨਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਵਲ ਕੋਈ ਚਮਤਕਾਰ ਹੀ ਨੈਵਲਨੀ ਨੂੰ ਉਮੀਦਵਾਰ ਬਣਾਉਣ ਵਿੱਚ ਮਦਦ ਕਰੇਗਾ।
ਨੈਵਲਨੀ ਨੇ ਕਿਹਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ, ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣਾ ਅਸੰਭਵ ਹੈ। ਪੱਛਮ ਵਿੱਚ ਪੜ੍ਹੇ ਲਿਖੇ ਨੈਵਲਨੀ ਨੇ ਮੌਜੂਦਾ ਸ਼ਾਸਨ ਬਾਰੇ ਨੌਜਵਾਨ ਪੀੜ੍ਹੀ ਦੇ ਗੁੱਸੇ ਦਾ ਸਾਥ ਦਿੱਤਾ। ਉਨ੍ਹਾਂ ਰੂਸ ‘ਚ ਇਕ ਮਜ਼ਬੂਤ ਵਿਰੋਧੀ ਅੰਦੋਲਨ ਖੜਾ ਕੀਤਾ।
ਕਾਨੂੰਨ ਮੁਤਾਬਕ ਉਮੀਦਵਾਰ ਬਣਨ ਲਈ ਨੈਵਲਨੀ ਕੋਲ ਹਰ ਸ਼ਹਿਰ ਤੋਂ ਘੱਟੋ-ਘੱਟ 500 ਲੋਕਾਂ ਦਾ ਸਮਰਥਨ ਹੋਣਾ ਚਾਹੀਦਾ ਹੈ। ਮਾਸਕੋ ਵਿੱਚ ਕੱਲ੍ਹ ਕਰਵਾਏ ਇਕ ਪ੍ਰੋਗਰਾਮ ਵਿੱਚ ਕਰੀਬ 700 ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਇਸ ਪ੍ਰੋਗਰਾਮ ਲਈ ਥਾਂ ਨਾ ਮਿਲਣ ‘ਤੇ ਉਨ੍ਹਾਂ ਨੇ ਪਾਰਕ ‘ਚ ਵੱਡਾ ਟੈਂਟ ਲਾ ਕੇ ਚੋਣ ਮੁਹਿੰਮ ਚਲਾਈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵਾਲੀਵੋਸਤੋਕ, ਇਰਕੁਤਸਕ, ਕ੍ਰੈਸਨੋਯਾਰਕਸਕ, ਨੋਵੋਸਾਈਬ੍ਰਿਸਕ ਤੇ ਹੋਰ ਸ਼ਹਿਰਾਂ ‘ਚ ਸਮਰਥਕਾਂ ਨੇ ਉਨ੍ਹਾਂ ਦੀ ਉਮੀਦਵਾਰੀ ਦੀ ਪੁਸ਼ਟੀ ਕੀਤੀ।