ਰੋਹਿੰਗਿਆ ਲੋਕਾਂ ਦੀ ਕਿਸ਼ਤੀ ਡੁੱਬਣ ਕਾਰਨ 60 ਮੌਤਾਂ

ਖ਼ਬਰਾਂ, ਕੌਮਾਂਤਰੀ



ਜਿਨੇਵਾ, 29 ਸਤੰਬਰ: ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਬੰਗਲਾਦੇਸ਼ ਕੋਲ ਪਲਟ ਗਈ ਜਿਸ ਕਾਰਨ 60 ਤੋਂ ਜ਼ਿਆਦਾ ਲੋਕਾਂ ਦੇ ਡੁੱਬਣ ਕਾਰਨ ਮੌਤ ਹੋ ਗਈ।

ਸੰਯੁਕਤ ਰਾਸ਼ਟਰ ਦੀ ਮਾਮਲਿਆਂ ਦੀ ਏਜੰਸੀ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਮਾਈਗ੍ਰੇਸ਼ਨ ਦੇ ਬੁਲਾਰੇ ਜੋਐਲ ਮਿਲਮੈਨ ਨੇ ਹਾਦਸੇ ਦਾ ਜ਼ਿਕਰ ਕਰਦੇ ਹੋਏ ਜਿਨੇਵਾ ਵਿਚ ਪੱਤਰਕਾਰਾਂ ਨੂੰ ਕਿਹਾ,''23 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। 40 ਲੋਕ ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹੁਣ ਤਕ ਮ੍ਰਿਤਕਾਂ ਦੀ ਗਿਣਤੀ 60 ਦੇ ਨੇੜੇ ਤੇੜੇ ਹੋਵੇਗੀ। ਪੁਲਿਸ ਮੁਤਾਬਕ ਕਿਸ਼ਤੀ ਵਿਚ 130 ਤੋਂ ਜ਼ਿਆਦਾ ਲੋਕ ਸਵਾਰ ਸਨ।

ਸਥਾਨਕ ਪੁਲਿਸ ਇੰਸਪੈਕਟਰ ਮੁਹੰਮਦ ਕਾਈ ਕਿਸਲੂ ਅਨੁਸਾਰ 10 ਬੱਚਿਆਂ ਸਮੇਤ 4 ਔਰਤਾਂ ਦੀਆਂ ਲਾਸ਼ਾਂ ਸਮੁੰਦਰ ਕਿਨਾਰੇ ਤੋਂ ਮਿਲੀਆਂ ਹਨ। ਪ੍ਰਤੱਖਦਰਸ਼ੀਆਂ ਅਤੇ ਹਾਦਸੇ ਵਿਚ ਬਚੇ ਹੋਏ ਲੋਕਾਂ ਨੇ ਦਸਿਆ ਕਿ ਕਿਸ਼ਤੀ ਬੀਤੇ ਦਿਨ ਅਸ਼ਾਂਤ ਸਮੁੰਦਰ ਵਿਚ ਕਿਨਾਰੇ ਤੋਂ ਕੁੱਝ ਹੀ ਮੀਟਰ ਦੂਰ ਸੀ ਪ੍ਰੰਤੂ ਤੇਜ਼ ਮੀਂਹ ਅਤੇ ਤੇਜ਼ ਹਵਾਰਾਂ ਦੇ ਚਲਦਿਆਂ ਇਹ ਕਿਸ਼ਤੀ ਪਲਟ ਗਈ। ਇਕ ਸਥਾਨਕ ਦੁਕਾਨਦਾਰ ਮੁਹੰਮਦ ਸੁਹੈਲ ਨੇ ਦਸਿਆ ਕਿ ਕਿਸ਼ਤੀ ਵਿਚ ਸਵਾਰ ਲੋਕ ਮੇਰੀਆਂ ਅੱਖਾਂ ਸਾਹਮਣੇ ਡੁੱਬ ਗਏ। ਮਿੰਟਾਂ ਤੋਂ ਬਾਅਦ ਹੀ ਲਹਿਰਾਂ ਲਾਸ਼ਾਂ ਨੂੰ ਕੰਢੇ 'ਤੇ ਲੈ ਆਈਆਂ।        (ਪੀ.ਟੀ.ਆਈ)