ਰੁਮਾਲਿਆਂ ਦੇ ਨਾਲ ਨਾਲ ਸ਼ਰਧਾ ਭਾਵਨਾ ਦੀ ਵੀ ਹੋ ਰਹੀ ਹੈ ਬੇਕਦਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੁਮਾਲਿਆਂ ਦੇ ਨਾਲ ਨਾਲ ਸ਼ਰਧਾ ਭਾਵਨਾ ਦੀ ਵੀ ਹੋ ਰਹੀ ਹੈ ਬੇਕਦਰੀ

ਰੁਮਾਲਿਆਂ ਦੇ ਨਾਲ ਨਾਲ ਸ਼ਰਧਾ ਭਾਵਨਾ ਦੀ ਵੀ ਹੋ ਰਹੀ ਹੈ ਬੇਕਦਰੀ

 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਦਵਾਰਾ ਸਾਹਿਬ ਤੋਂ ਆਏ ਗਾਰਬੇਜ ਵਿੱਚ ਮਹਿੰਗੇ ਰੁਮਾਲਿਆਂ ਦੀਆਂ ਪੰਡਾਂ ਸੁੱਟੀਆਂ ਗਈਆਂ ਹਨ। ਹਾਲਾਂਕਿ ਵੀਡੀਓ ਕਿੱਥੋਂ ਅਤੇ ਕਿਸ ਗੁਰਦਵਾਰਾ ਸਾਹਿਬ ਤੋਂ ਆਈ ਹੈ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਜਾਪਦੀ ਅਮਰੀਕਾ, ਕੈਨੇਡਾ ਵੱਲ ਤੋਂ ਹੈ। ਇੱਥੇ ਮੁੱਦਾ ਸਥਾਨ ਦਾ ਨਹੀਂ ਹੈ ਬਲਕਿ ਮੁੱਦਾ ਹੈ ਕਿ ਸਿੱਖਾਂ ਦੀ ਸ਼ਰਧਾ ਕਿਸ ਰੂਪ ਵਿੱਚ ਢਲਦੀ ਜਾ ਰਹੀ ਹੈ।

 

 

 

ਅਸੀਂ ਸਿੱਖੀ ਦੇ ਮੁਢਲੇ ਸਿਧਾਂਤਾਂ ਨੂੰ ਅੱਖੋਂ ਓਹਲੇ ਕਰਕੇ ਸਿਰਫ ਰੁਮਾਲਿਆਂ 'ਤੇ ਜਾਂ ਮਾਰਬਲ ਦੀਆਂ ਢੇਰੀਆਂ 'ਤੇ ਹੀ ਕੇਂਦਰਿਤ ਹੋ ਗਏ ਹਾਂ। ਵੀਡੀਓ ਵਿੱਚ ਇਹ ਵਿਅਕਤੀ ਦੱਸਦਾ ਹੈ ਕਿ 100 100 ਡਾਲਰ ਦੇ ਰੁਮਾਲੇ ਬੇਕਦਰੀ ਨਾਲ ਸੁੱਟੇ ਗਏ ਹਨ ਭਾਵ 6-6 ਹਜ਼ਾਰ ਦੇ ਰੁਮਾਲੇ ਅਤੇ ਨਵੀਆਂ ਰਜਾਈਆਂ ਆਦਿ ਬਿਨਾ ਵਰਤੇ ਗਾਰਬੇਜ ਵਿੱਚ ਭੇਜ ਦਿੱਤੇ ਗਏ ਹਨ। ਮਤਲਬ ਸਾਫ ਹੈ ਕਿ ਗੁਰਦਵਾਰੇ ਵਿੱਚ ਇਹਨਾਂ ਵਸਤਾਂ ਦੀ ਬਹੁਤਾਤ ਹੈ ਜਿਸ ਕਾਰਨ ਇਹ ਸੁੱਟਣੀਆਂ ਪੈ ਰਹੀਆਂ ਹਨ।

 

ਵੀਡੀਓ ਬਣਾਉਣ ਵਾਲਾ ਵੀਰ ਵੀ ਹੀ ਕਹਿ ਰਿਹਾ ਹੈ ਕਿ ਗੁਰਦਵਾਰਿਆਂ ਵਿੱਚ ਮਹਿੰਗੇ ਰੁਮਾਲੇ ਚੜ੍ਹਾਉਣ ਤੋਂ ਚੰਗਾ ਹੈ ਕਿ ਕਿਸੇ ਗਰੀਬ ਦੀ ਮਦਦ ਕੀਤੀ ਜਾਵੇ। ਗੱਲ ਬਿਲਕੁਲ ਸਹੀ ਹੈ , ਆਪਣੀ ਸ਼ਰਧਾ ਨੂੰ ਰੁਮਾਲਿਆਂ ਵਿੱਚ ਬੰਨ੍ਹ ਕੇ ਕੂੜੇ ਦਾ ਹਿੱਸਾ ਬਣਾਉਣ ਤੋਂ ਚੰਗਾ ਹੈ ਕਿ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ। ਇਹ ਮਦਦ ਬਹੁਤ ਸਾਰੇ ਰੂਪ ਵਿੱਚ ਹੋ ਸਕਦੀ ਹੈ। ਕਿਸੇ ਗ਼ਰੀਬ ਬੱਚੇ ਦੀ ਪੜ੍ਹਾਈ ਦਾ ਖ਼ਰਚ ਚੁੱਕਣਾ, ਕਿਸੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਮਾਲੀ ਮਦਦ ਕਰਨਾ ਜਾਂ ਕਿਸੇ ਬਿਮਾਰ ਨੂੰ ਡਾਕਟਰੀ ਸਹਾਇਤਾ ਅਤੇ ਇਲਾਜ ਵਿੱਚ ਮਦਦ ਕਰਨਾ।

ਦਰਅਸਲ ਅਸੀਂ ਦਸਵੰਧ ਕੱਢਣ ਦੇ ਸਿਧਾਂਤ ਨੂੰ ਭੁੱਲ ਕੇ ਰੁਮਾਲੇ ਅਤੇ ਚੋਂਦੋਏ ਚੜ੍ਹਾਉਣ ਦੀ ਦੌੜ ਵਿੱਚ ਭੱਜਣ ਲੱਗ ਪਏ ਹਾਂ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅੱਜ ਸਿੱਖਾਂ ਵਿੱਚ ਇੱਕ ਦੂਜੇ ਤੋਂ ਮਹਿੰਗੇ ਰੁਮਾਲੇ ਅਤੇ ਚੰਦੋਏ ਚੜ੍ਹਾਉਣ ਦਾ ਮੁਕਾਬਲਾ ਚੱਲ ਪਿਆ ਹੈ। ਇਹ ਮਸਲਾ ਸਿਰਫ਼ ਵਿਦੇਸ਼ਾਂ ਵਿੱਚ ਹੀ ਨਹੀਂ ਬਲਕਿ ਭਾਰਤ ਵਿੱਚ ਵੀ ਇਸੇ ਤਰਾਂ ਨਾਲ ਜੜ੍ਹਾਂ ਪਾਸਾਰ ਰਿਹਾ ਹੈ। ਅਜਿਹੀਆਂ ਖ਼ਬਰਾਂ ਅਤੇ ਵੀਡੀਓ ਅਕਸਰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਵੀ ਆਉਂਦੇ ਰਹੇ ਹਨ। ਕੁਝ ਮਹੀਨੇ ਪਹਿਲਾਂ ਪੰਜਾਬ ਤੋਂ ਵਾਇਰਲ ਇੱਕ ਵੀਡੀਓ ਵਿੱਚ ਕੁਝ ਵਿਅਕਤੀ ਰੁਮਾਲਿਆਂ ਨਾਲ ਭਰੀ ਟਰਾਲੀ ਕਿਸੇ ਨਦੀ ਦੇ ਪੁਲ 'ਤੇ ਖਾਲੀ ਕਰਦੇ ਦਿਖਾਈ ਦਿੱਤੇ ਸੀ।

 

ਕਦੀ ਗੁਰਦਵਾਰਿਆਂ ਵਿੱਚ ਪ੍ਰਧਾਨਗੀ ਲਈ ਲੜਾਈਆਂ, ਕਦੀ ਗੋਲਕ ਦੇ ਪੈਸਿਆਂ ਦਾ ਗਬਨ ਕਰਨ ਦੇ ਇਲਜ਼ਾਮ, ਕਦੀ ਗੁਰਦਵਾਰਿਆਂ ਦੀ ਹਦੂਦ ਅੰਦਰ ਧੜੇਬਾਜ਼ੀਆਂ ਚੋਂ ਉਪਜੀਆਂ ਹਿੰਸਕ ਵਾਰਦਾਤਾਂ, ਭਾਵ ਗ਼ਲਤ ਕੰਮ ਭਾਵੇਂ ਰੁਕਣ ਦਾ ਨਾਂਅ ਨਹੀਂ ਲੈ ਰਹੇ ਪਰ ਸਿੱਖੀ ਦੇ ਪ੍ਰਚਾਰ, ਪੰਥ ਦੀ ਚੜ੍ਹਦੀਕਲਾ ਲਈ ਉਪਰਾਲੇ ਅਤੇ ਸਿੱਖੀ ਨੂੰ ਦਰਪੇਸ਼ ਮੁਸ਼ਕਿਲਾਂ ਲਈ ਉਚੇਚੀ ਵਿਉਂਤਬੰਦੀ ਵਰਗੇ ਕਾਰਜਾਂ ਦੀ ਵਾਰੀ ਹੀ ਨਹੀਂ ਆ ਰਹੀ। ਸਾਨੂੰ ਮੰਨਣਾ ਪਵੇਗਾ ਕਿ ਚਾਹੇ ਸਿੱਧੇ ਅਤੇ ਚਾਹੇ ਅਸਿੱਧੇ ਤੌਰ 'ਤੇ, ਹਰ ਵਿਵਾਦ ਵਿੱਚ ਪੈਸਾ ਸ਼ਾਮਿਲ ਹੈ।

 

ਇਸ ਮਾਮਲੇ 'ਤੇ ਤਰਕ ਅਤੇ ਵਿਵਾਦ ਕਰਨ ਦੀ ਕੋਈ ਗੁੰਜਾਇਸ਼ ਨਹੀਂ ਕਿਉਂ ਕਿ ਸਾਹਮਣੇ ਦਿਖਾਈ ਦਿੰਦੀ ਅਸਲੀਅਤ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਰੁਮਾਲਿਆਂ ਦੀ ਇਸ ਹਾਲਤ ਵਿੱਚ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਸਿੱਖਾਂ ਲਈ ਸਵਾਲ ਵੀ ਪੈਦਾ ਹੁੰਦੇ ਹਨ ਕਿਉਂ ਕਿ ਰੁਮਾਲਾ ਗੁਰੂ ਨੂੰ ਅਰਪਣ ਕਰਨ ਨਾਲ ਸਾਡੀ ਦਿਲੀ ਭਾਵਨਾ ਜੁੜੀ ਹੁੰਦੀ ਹੈ ਅਤੇ ਸਮਝਿਆ ਜਾ ਸਕਦਾ ਹੈ ਕਿ ਜੇਕਰ ਅਸੀਂ ਆਪਣੇ ਚੜ੍ਹਾਏ ਰੁਮਾਲੇ ਨੂੰ ਆਪਣੀਆਂ ਹੀ ਅੱਖਾਂ ਨਾਲ ਇੰਝ ਰੁਲਦਾ ਵੇਖਾਂਗੇ ਤਾਂ ਸਾਡੀ ਭਾਵਨਾ ਨੂੰ ਕਿੰਨੀ ਕੁ ਠੇਸ ਵੱਜੇਗੀ। 

 

ਸਮੇਂ ਦੀ ਨਜ਼ਾਕਤ ਅਤੇ ਹਾਲਾਤਾਂ ਤੋਂ ਸਬਕ ਲੈਂਦੇ ਹੋਏ ਲੋੜ ਹੈ ਕਿ ਸ਼ਰਧਾ ਨੂੰ ਮਹਿੰਗੇ ਰੁਮਾਲਿਆਂ ਦੀਆਂ ਤਹਿਆਂ ਵਿੱਚ ਲਪੇਟਣ ਦੀ ਬਜਾਇ ਹਕੀਕਤ ਵਿੱਚ ਦਸਵੰਧ ਕੱਢਣ ਨੂੰ ਪਹਿਲ ਦਿੱਤੀ ਜਾਵੇ। ਸਿੱਖਾਂ ਨੂੰ ਦਸਵੰਧ ਦਾ ਸਿਧਾਂਤ ਸਮਝਣ ਦੀ ਲੋੜ ਹੈ ਤਾਂ ਸਿੱਖ ਆਗੂ ਅਤੇ ਗੁਰਦਵਾਰਾ ਪ੍ਰਬੰਧਕਾਂ ਵੀ ਚੌਧਰ ਅਤੇ ਆਪਸੀ ਧੜੇਬੰਦੀਆਂ ਤਿਆਗ ਕੇ ਕੌਮ ਪ੍ਰਤੀ ਜ਼ਿੰਮੇਵਾਰੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ।