ਰੂਸ ਨੇ ਸੀਰੀਆ 'ਚ ਕੀਤੀ ਗੋਲੀਬਾਰੀ, 50 ਹਲਾਕ

ਖ਼ਬਰਾਂ, ਕੌਮਾਂਤਰੀ

ਬੇਰੂਤ, 13 ਨਵੰਬਰ : ਸੀਰੀਆ 'ਚ ਇਸਲਾਮਿਕ ਸਟੇਟ ਵਿਰੁਧ ਰੂਸ ਨੇ ਮੋਰਚਾ ਖੋਲ੍ਹ ਰਖਿਆ ਹੈ। ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਨੂੰ ਭਜਾਉਣ ਲਈ ਰੂਸ ਨੇ ਗੋਲੀਬਾਰੀ ਕੀਤੀ, ਜਿਸ 'ਚ ਕਈ ਲੋਕਾਂ ਦੀ ਜਾਨ ਚਲੀ ਗਈ। ਗੋਲੀਬਾਰੀ 'ਚ ਲੋਕਾਂ ਦੇ ਕੈਂਪਾਂ 'ਤੇ ਵੀ ਹਮਲੇ ਹੋਏ ਹਨ, ਜਿਸ 'ਚ ਕਈ ਬੇਗੁਨਾਹ ਲੋਕਾਂ ਦੇ ਮਾਰੇ ਜਾਣ ਦਾ ਖ਼ਦਸਾ ਜਤਾਇਆ ਜਾ ਰਿਹਾ ਹੈ। ਰੂਸ ਨੇ ਇਸ ਆਪ੍ਰੇਸ਼ਨ ਨੂੰ ਹਵਾਈ ਹਮਲਿਆਂ ਅਤੇ ਗੋਲੀਬਾਰੀ ਨਾਲ ਅੰਜਾਮ ਦਿਤਾ।ਸੀਰੀਆ 'ਚ ਬ੍ਰਿਟਿਸ਼ ਆਧਾਰਤ ਮਨੁੱਖੀ ਅਧਿਕਾਰ ਸੰਗਠਨ ਨੇ ਦਸਿਆ ਕਿ ਰੂਸ ਨੇ ਦੇਅਰ ਅਲ-ਜੋਰ ਖੇਤਰ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 50 ਲੋਕ ਮਾਰੇ ਗਏ। 

ਉਨ੍ਹਾਂ ਅਨੁਸਾਰ ਮ੍ਰਿਤਕਾਂ 'ਚ  20 ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਰੂਸ ਨੇ ਇਹ ਬੰਬਾਰੀ ਦੌਰਾਨ ਫਰਾਤ ਨਦੀ ਦੇ ਨੇੜਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਸੀਰੀਆ ਦੇ ਸਰਹੱਦੀ ਸ਼ਹਿਰ ਅਲਬੁ ਕਮਾਲ ਅਤੇ ਸ਼ਰਨਾਰਥੀਆਂ ਦੇ ਪਿੰਡਾਂ ਤੇ ਕੈਂਪਾਂ ਨੂੰ ਵੀ ਨਿਸ਼ਾਨਾ ਬਣਾਇਆ।ਇਸ ਤੋਂ ਪਹਿਲਾਂ ਐਤਵਾਰ ਨੂੰ ਰੂਸ ਨੇ ਹਵਾਈ ਹਮਲੇ ਕਰ ਕੇ 11 ਨਾਗਰਿਕਾਂ ਨੂੰ ਮਾਰ ਦਿਤਾ ਗਿਆ ਸੀ। ਸੀਰੀਆ 'ਚ ਰੂਸ ਅਤੇ ਸੀਰੀਆਈ ਫ਼ੌਜ ਮਿਲ ਕੇ ਅਤਿਵਾਦੀ ਸੰਗਠਨ ਆਈ.ਐਸ. ਦੇ ਵਿਰੁਧ ਜੰਗ ਲੜ ਰਹੀ ਹੈ। ਸਾਲ 2011 ਤੋਂ ਚਲ ਰਹੇ ਇਸ ਯੁੱਧ 'ਚ ਲਗਭਗ 4 ਲੱਖ ਲੋਕਾਂ ਦੀ ਜਾਨ ਜਾ ਚੁਕੀ ਹੈ ਅਤੇ ਲੱਖਾਂ ਲੋਕਾਂ ਨੂੰ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ ਹੈ। (ਪੀਟੀਆਈ)