ਮਾਸਕੋ, 6 ਅਕਤੂਬਰ: ਪੂਰਬੀ
ਮਾਸਕੋ ਵਿਚ ਬੱਸ ਦੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਘੱਟ ਤੋਂ ਘੱਟ 19 ਲੋਕਾਂ ਦੀ
ਮੌਤ ਹੋ ਗਈ। ਇਹ ਬੱਸ ਖ਼ਰਾਬ ਹੋਣ ਕਾਰਨ ਰੇਲਵੇ ਕਰਾਸਿੰਗ ਵਿਚਕਾਰ ਖੜੀ ਸੀ।
ਖੇਤਰੀ
ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਦੇਰ ਰਾਤ ਇਹ ਹਾਦਸਾ ਰੂਸ ਦੀ ਰਾਜਧਾਨੀ ਮਾਸਕੋ ਤੋਂ
ਕਰੀਬ 110 ਕਿ.ਮੀ. ਦੂਰ ਪੂਰਬ ਵਿਚ ਸਥਿਤ ਵਲਾਦਿਮੀਰ ਸ਼ਹਿਰ ਨਜ਼ਦੀਕ ਹੋਇਆ। ਖੇਤਰੀ ਸਿਹਤ
ਸੇਵਾ ਦੇ ਮੁਖੀ ਅਲੈਕਜੈਂਡਰ ਕਿਰਿਆਖਿਨ ਨੇ ਇਕ ਸਮਾਚਾਰ ਏਜੰਸੀ ਨੂੰ ਦਸਿਆ, ਹਾਲੀਆ ਸੂਚਨਾ
ਮੁਤਾਬਕ ਇਸ ਹਾਦਸੇ ਵਿਚ 19 ਲੋਕ ਮਾਰੇ ਗਏ ਹਨ।
ਰੂਸੀ ਜਾਂਚ ਕਮੇਟੀ ਨੇ ਹਾਦਸੇ ਵਿਚ
ਮਾਰੇ ਗਏ ਲੋਕਾਂ ਦੇ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨੇ ਇਸ ਮਾਮਲੇ
ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸੂਬੇ ਦੇ ਅੰਦਰੂਨੀ ਸੁਰੱਖਿਆ ਮੰਤਰਾਲਾ ਨੇ ਦਸਿਆ ਕਿ ਇਹ
ਰੇਲ ਗੱਡੀ ਸੈਂਟ ਪੀਟਸਬਰਗ ਦੇ ਪੱਛਮੀ ਸ਼ਹਿਰ ਤੋਂ ਪੂਰਬੀ ਮਾਸਕੋ ਦੇ ਨਿਜਨੀ-ਨੋਵੋਗਰਾਦ ਜਾ
ਰਹੀ ਸੀ ਅਤੇ ਸ਼ੁਕਰਵਾਰ ਸਵੇਰੇ ਕਰੀਬ 3:29 ਮਿੰਟ 'ਤੇ ਇਕ ਬੱਸ ਉਸ ਦੀ ਲਪੇਟ ਵਿਚ ਆ ਗਈ।
ਉਨ੍ਹਾਂ ਦਸਿਆ ਕਿ ਮਰਨ ਵਾਲੇ ਸਾਰੇ ਲੋਕ ਬੱਸ ਵਿਚ ਸਵਾਰ ਸਨ।
ਮੰਤਰਾਲੇ ਨੇ ਰੇਲਵੇ
ਟਰੈਕ ਕੋਲ ਬੱਸ ਦੇ ਮਲਬੇ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਕਿਹਾ ਹੈ ਕਿ ਰੇਲ ਗੱਡੀ
ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਗੁਆਂਢੀ ਦੇਸ਼ ਕਜ਼ਾਖ਼ਸਤਾਨ ਦੇ ਵਿਦੇਸ਼ ਮੰਤਰਾਲੇ
ਨੇ ਕਿਹਾ ਹੈ ਕਿ ਬੱਸ ਦੇ ਦੋਵਾਂ ਚਾਲਕਾਂ ਵਿਚੋਂ ਇਕ ਚਾਲਕ ਕਜ਼ਾਖ਼ ਨਾਗਰਿਕ ਸੀ। ਹਾਦਸੇ
ਵਿਚ ਉਸ ਦੀ ਮੌਤ ਹੋ ਗਈ। ਮੰਤਰਾਲੇ ਨੇ ਸਮਾਚਾਰ ਏਜੰਸੀ ਨੂੰ ਇਹ ਵੀ ਦਸਿਆ ਕਿ ਬੱਸ ਵਿਚ
ਉਜਬੇਕਿਸਤਾਨ ਦੇ 55 ਨਾਗਰਿਕ ਸਵਾਰ ਸਨ। ਜ਼ਿਕਰਯੋਗ ਹੈ ਕਿ ਰੂਸ ਵਿਚ ਅਕਸਰ ਅਜਿਹੇ ਬੱਸ
ਹਾਦਸੇ ਹੁੰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਅਗੱਸਤ ਵਿਚ ਮਜ਼ਦੂਰਾਂ ਨੂੰ ਲਿਜਾਣ ਵਾਲੀ ਇਕ
ਬੱਸ ਹਾਦਸਾਗ੍ਰਸਤ ਹੋ ਕੇ ਕਾਲਾ ਸਾਗਰ ਵਿਚ ਡਿੱਗ ਗਈ ਸੀ ਜਿਸ ਵਿਚ 17 ਲੋਕ ਮਾਰੇ ਗਏ
ਸਨ। (ਭਾਸ਼ਾ)