ਸਾਈਨ ਬੋਰਡਾਂ 'ਤੇ ਮਾਂ ਬੋਲੀ ਪੰਜਾਬੀ ਨੂੰ ਹੁਣ ਕੈਨੇਡੀਅਨ ਪੰਜਾਬੀ ਵੀ ਦੇਣਾ ਚਾਹੁੰਦੇ ਨੇ ਬਣਦਾ ਸਨਮਾਨ

ਖ਼ਬਰਾਂ, ਕੌਮਾਂਤਰੀ

ਕੈਲਗਰੀ: ਸਾਈਨ ਬੋਰਡਾਂ (ਸਵਾਗਤੀ ਬੋਰਡ) 'ਤੇ ਪੰਜਾਬੀ ਭਾਸ਼ਾ 'ਚ ਲਿਖੇ ਸਥਾਨਾਂ ਦੇ ਨਾਵਾਂ ਨੂੰ ਸਭ ਤੋਂ ਉੱਪਰ ਲਿਖਣ ਅਤੇ ਅੰਗਰੇਜ਼ੀ ਅਤੇ ਹਿੰਦੀ 'ਚ ਲਿਖੇ ਨਾਵਾਂ ਨੂੰ ਬਾਅਦ 'ਚ ਲਿਖਣ ਦੀ ਮੁਹਿੰਮ ਪੰਜਾਬ ਦੇ ਨਾਲ-ਨਾਲ ਕੈਨੇਡਾ 'ਚ ਵੀ ਦੇਖਣ ਨੂੰ ਮਿਲ ਰਹੀ ਹੈ। 

ਪੰਜਾਬ 'ਚ ਰਾਹਗੀਰਾਂ ਦੀ ਜਾਣਕਾਰੀ ਲਈ ਸੜਕਾਂ 'ਤੇ ਲੱਗੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਰੇ ਕਾਰਨ ਕੁੱਝ ਦਿਨ ਪਹਿਲਾਂ ਕੁੱਝ ਲੋਕਾਂ ਨੇ ਇਹ ਕਦਮ ਚੁੱਕਿਆ ਸੀ। ਜਿਸ ਦੇ ਜਵਾਬ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਕਹਿ ਦਿੱਤਾ ਹੈ ਕਿ ਪੰਜਾਬ 'ਚ ਸਾਈਨ ਬੋਰਡਾਂ 'ਤੇ ਸਭ ਤੋਂ ਉੱਪਰ ਪੰਜਾਬੀ 'ਚ ਹੀ ਲਿਖਿਆ ਜਾਵੇਗਾ। ਹੁਣ ਇਸੇ ਮੰਗ ਨੂੰ ਕੈਨੇਡਾ 'ਚ ਰਹਿੰਦੇ ਪੰਜਾਬੀ ਵੀ ਚੁੱਕ ਰਹੇ ਹਨ। ਬ੍ਰਿਟਿਸ਼ ਕੋਲੰਬੀਆ 'ਚ ਤਿੰਨ ਕੁ ਸਾਲ ਪਹਿਲਾਂ ਇੱਥੇ ਲੱਗੇ ਕੁੱਝ ਬੋਰਡਾਂ 'ਤੇ ਪੰਜਾਬੀ ਦੀ ਥਾਂ ਲਿਖੀ ਗਈ ਹਿੰਦੀ ਹੁਣ ਪੰਜਾਬੀ ਪ੍ਰੇਮੀਆਂ ਨੂੰ ਰੜਕਣ ਲੱਗ ਗਈ ਹੈ।

ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਸਨਮਾਨ ਦੇਣਾ ਚਾਹੁੰਦੇ ਹਨ। ਇਸ ਲਈ ਉਹ ਮੰਤਰੀਆਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਪੰਜਾਬੀ ਇਲਾਕੇ 'ਚ ਸਾਈਨ ਬੋਰਡਾਂ 'ਤੇ ਪੰਜਾਬੀ ਹੀ ਸਭ ਤੋਂ ਉੱਪਰ ਲਿਖੀ ਜਾਵੇ, ਕਿਸੇ ਹੋਰ ਭਾਸ਼ਾ ਨੂੰ ਤਰਜੀਹ ਨਾ ਦਿੱਤੀ ਜਾਵੇ। 

ਵੈਨਕੁਵਰ ਹਵਾਈ ਅੱਡੇ ਸਮੇਤ ਕਈ ਥਾਵਾਂ 'ਤੇ ਲੱਗੇ ਸਵਾਗਤੀ ਬੋਰਡਾਂ ਉਤੇ ਪਹਿਲਾਂ ਪੰਜਾਬੀ ਭਾਸ਼ਾ ਦੂਜੇ ਜਾਂ ਤੀਜੇ ਸਥਾਨ 'ਤੇ ਸੀ। ਇੱਥੇ ਰਹਿੰਦੇ ਹਿੰਦੀ ਪ੍ਰੇਮੀਆਂ ਨੇ ਸਥਾਨਕ ਪ੍ਰਸ਼ਾਸਨ ਵਿਚ ਜੁਗਾੜ ਕਰਕੇ ਪੰਜਾਬੀ ਦੀ ਥਾਂ ਹਿੰਦੀ ਲਿਖਵਾ ਲਈ ਸੀ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ 'ਚ ਪੰਜਾਬੀ ਦੇ ਮੁਕਾਬਲੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਉਸ ਸਮੇਂ ਵੀ ਇਸ ਮਾਮਲੇ 'ਚ ਕੁੱਝ ਸੁਧਾਰ ਕੀਤਾ ਗਿਆ ਸੀ ਤੇ ਹੁਣ ਮੁੜ ਇਸ 'ਚ ਸੁਧਾਰ ਹੋਣ ਦੀ ਉਮੀਦ ਹੈ। 

ਦੱਸ ਦਈਏ ਕਿ ਪੰਜਾਬ 'ਚ ਸਾਈਨ ਬੋਰਡਾਂ 'ਤੇ ਹੁਣ ਪੰਜਾਬੀ ਭਾਸ਼ਾ ਸਭ ਤੋਂ ਉੱਪਰ ਲਿਖੀ ਜਾਵੇਗੀ ਅਤੇ ਫਿਰ ਬਾਕੀ ਭਾਸ਼ਾਵਾਂ 'ਚ ਸਥਾਨ ਦਾ ਨਾਂ ਲਿਖਿਆ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਹ ਨਿਰਦੇਸ਼ ਦਿੱਤੇ ਹਨ। ਪੰਜਾਬ 'ਚ ਪਹਿਲਾਂ ਇਨ੍ਹਾਂ ਸਾਈਨ ਬੋਰਡਾਂ 'ਤੇ ਸਭ ਤੋਂ ਉੱਪਰ ਹਿੰਦੀ ਫਿਰ ਅੰਗਰੇਜ਼ੀ ਤੇ ਅਖੀਰ 'ਚ ਪੰਜਾਬੀ 'ਚ ਸਥਾਨ ਦਾ ਨਾਂ ਲਿਖਿਆ ਜਾਂਦਾ ਸੀ, ਹੁਣ ਇਹ ਵਿਤਕਰਾ ਖਤਮ ਹੋ ਜਾਵੇਗਾ। ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਨੂੰ ਵੀ ਆਸ ਹੈ ਕਿ ਵਿਦੇਸ਼ 'ਚ ਵੀ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਦਿੱਤਾ ਜਾਵੇਗਾ।