ਸਾਊਦੀ ਅਰਬ 'ਚ ਪਹਿਲੀ ਵਾਰ ਔਰਤਾਂ ਦੀ ਮੈਰਾਥਨ ਕਰਵਾਈ

ਖ਼ਬਰਾਂ, ਕੌਮਾਂਤਰੀ

ਰਿਆਦ, 5 ਮਾਰਚ : ਸੁਧਾਰਾਂ ਵਲ ਵੱਧ ਰਹੇ ਸਾਊਦੀ ਅਰਬ 'ਚ ਔਰਤਾਂ ਲਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਥੇ ਅਜਿਹਾ ਪਹਿਲੀ ਵਾਰ ਹੈ, ਜਦੋਂ ਔਰਤਾਂ ਲਈ ਇੰਨਾ ਵੱਡਾ ਆਯੋਜਨ ਕੀਤਾ ਗਿਆ ਹੋਵੇ। ਸਾਊਦੀ ਸਰਕਾਰ ਦੇ ਇਸ ਕਦਮ ਨੂੰ ਖੇਡਾਂ 'ਚ ਔਰਤਾਂ ਦੀ ਭਾਗੀਦਾਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੀਡੀਆ ਰੀਪੋਰਟ ਮੁਤਾਬਕ ਇਹ ਮੈਰਾਥਨ ਦੇਸ਼ ਦੇ ਅਲ-ਅਹਸਾ ਸੂਬੇ 'ਚ ਆਯੋਜਿਤ ਕੀਤੀ ਗਈ, ਜਿਸ 'ਚ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੈਰਾਥਨ ਦੌੜ ਸਮੇਂ ਅਪਣੀ ਇਸਲਾਮੀ ਪੋਸ਼ਾਕ 'ਚ ਨਜ਼ਰ ਆਈਆਂ ਔਰਤਾਂ ਵਿਚ ਇਸ ਆਯੋਜਨ ਨੂੰ ਲੈ ਕੇ ਕਾਫੀ ਉਤਸਾਹ ਵਿਖਾਈ ਦਿਤਾ। ਆਯੋਜਨ ਨਾਲ ਜੁੜੇ ਇਕ ਅਧਿਕਾਰੀ ਮਲਿਕ ਅਲ-ਮੂਸਾ ਨੇ ਕਿਹਾ ਕਿ ਇਹ ਮੈਰਾਥਨ ਔਰਤਾਂ 'ਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਕਰਵਾਈ ਗਈ ਸੀ। 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰਾਜਧਾਨੀ ਰਿਆਦ 'ਚ ਵੀ ਕੌਮਾਂਤਰੀ ਹਾਫ਼-ਮੈਰਾਥਨ ਦੌੜ ਕਰਵਾਈ ਗਈ ਸੀ। ਹਾਲਾਂਕਿ ਇਸ 'ਚ ਔਰਤਾਂ ਦੀ ਹਿੱਸੇਦਾਰੀ ਬਹੁਤ ਘੱਟ ਰਹੀ ਸੀ।ਜ਼ਿਕਰਯੋਗ ਹੈ ਕਿ ਇਸ ਸਾਲ ਜੂਨ 'ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਵੀ ਮਿਲ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਟੇਡੀਅਮ 'ਚ ਮੈਚ ਵੇਖਣ ਦੀ ਵੀ ਮਨਜੂਰੀ ਦਿਤੀ ਗਈ ਹੈ। ਸਿਨੇਮਾ ਹਾਲ 'ਚ ਲੰਮੇ ਸਮੇਂ ਤੋਂ ਲੱਗੀ ਪਾਬੰਦੀ ਨੂੰ ਵੀ ਹਟਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਦੀਆਂ ਔਰਤਾਂ ਹੁਣ ਅਪਣੇ ਪਤੀ ਜਾਂ ਕਿਸੇ ਹੋਰ ਮਰਦ ਰਿਸ਼ਤੇਦਾਰ ਦੀ ਮਨਜੂਰੀ ਤੋਂ ਬਿਨਾਂ ਅਪਣਾ ਕਾਰੋਬਾਰ ਸ਼ੁਰੂ ਕਰ ਸਕਣਗੀਆਂ।  (ਪੀਟੀਆਈ)