ਬੱਚਿਉ, ਅਰਬ ਦੇਸ਼ਾਂ ਵਿਚ ਜ਼ਿਆਦਾਤਰ ਇਲਾਕਾ ਰੇਗਿਸਤਾਨ ਹੈ। ਇਥੋਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਸਲਾਮ ਨੂੰ ਮੰਨਣ ਵਾਲੇ ਰਹਿੰਦੇ ਹਨ ਪਰ ਇਸਲਾਮ ਧਰਮ ਜ਼ਿਆਦਾ ਪੁਰਾਣਾ ਨਹੀਂ ਹੈ। ਇਸਲਾਮ ਦੇ ਆਉਣ ਤੋਂ ਪਹਿਲਾਂ ਅਰਬ ਦੇਸ਼ਾਂ ਵਿਚ ਦੂਜੇ ਧਰਮਾਂ ਦੇ ਮੰਨਣ ਵਾਲੇ ਰਹਿੰਦੇ ਸਨ।ਇਨ੍ਹਾਂ 'ਚੋਂ ਇਕ ਤਬਕਾ ਸੀ ਨੇਬੇਤੀਅਨ ਦਾ। ਸਾਊਦੀ ਅਰਬ ਤੋਂ ਲੈ ਕੇ ਫ਼ਲਸਤੀਨ ਵਿਚ ਗਾਜ਼ਾ ਪੱਟੀ ਤਕ ਨੇਬੇਤੀਅਨ ਤਬਕੇ ਦਾ ਰਾਜ ਸੀ। ਇਹ ਲੋਕ ਰੇਤ 'ਚੋਂ ਪਾਣੀ ਕੱਢਣ ਅਤੇ ਪਾਣੀ ਜਮ੍ਹਾਂ ਕਰਨ ਲਈ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ ਮਸ਼ਹੂਰ 'ਸਪਾਈਸ ਰੂਟ' ਉਤੇ ਵੀ ਇਨ੍ਹਾਂ ਦਾ ਕਬਜ਼ਾ ਸੀ। ਭਾਰਤ ਅਤੇ ਪੂਰਬੀ ਏਸ਼ੀਆ ਰਾਹੀਂ ਜੋ ਮਸਾਲੇ ਯੂਰੋਪ ਜਾਇਆ ਕਰਦੇ ਸਨ, ਉਨ੍ਹਾਂ ਤੋਂ ਇਹ ਲੋਕ ਟੈਕਸ ਵਸੂਲਦੇ ਸਨ। ਊਠਾਂ ਦੇ ਕਾਫ਼ਲੇ, ਨੇਬੇਤੀਅਨ ਸਲਤਨਤ 'ਚੋਂ ਲੰਘਦੇ ਸਮੇਂ ਟੈਕਸ ਭਰਿਆ ਕਰਦੇ ਸਨ।ਅਰਬ ਦੇਸ਼ਾਂ ਵਿਚ ਅੱਜ ਵੀ ਨੇਬੇਤੀਅਨ ਸਲਤਨਤ ਦੇ ਨਿਸ਼ਾਨ ਮਿਲਦੇ ਹਨ। ਉਸ ਦੌਰ ਦੇ ਸ਼ਹਿਰ, ਇਮਾਰਤਾਂ ਅਤੇ ਕਬਰਿਸਤਾਨਾਂ ਨੂੰ ਅੱਜ ਵੀ ਰੇਗਿਸਤਾਨ ਨੇ ਅਪਣੀ ਬੁੱਕਲ ਵਿਚ ਲੁਕਾ ਰਖਿਆ ਹੈ। ਸੱਭ ਤੋਂ ਮਸ਼ਹੂਰ ਸ਼ਹਿਰ ਹੈ ਜਾਰਡਨ ਦਾ ਪੇਤਰਾ ਸ਼ਹਿਰ।ਪਰ ਸਾਊਦੀ ਅਰਬ ਵਿਚ ਵੀ ਨੇਬੇਤੀਅਨ ਸਲਤਨਤ ਦੇ ਇਕ ਸ਼ਹਿਰ ਦੇ ਖੰਡਰ ਲੁਕੇ ਹੋਏ ਹਨ। ਇਸ ਥਾਂ ਦਾ ਨਾਂ ਹੈ ਮਾਦੈਨ ਸਾਲੇਹ। ਇਹ ਨੇਬੇਤੀਅਨ ਸਲਤਨਤ ਦਾ ਦੂਜਾ ਵੱਡਾ ਸ਼ਹਿਰ ਸੀ। ਮਾਦੈਨ ਸਾਲੇਹ ਸਪਾਈਸ ਰੂਟ ਦਾ ਅਹਿਮ ਟਿਕਾਣਾ ਸੀ। ਈਸਾ ਤੋਂ 106 ਸਾਲ ਬਾਅਦ ਰੋਮਨ ਸਾਮਰਾਜ ਨੇ ਨੇਬੇਤੀਅਨ ਸਲਤਨਤ ਨੂੰ ਜਿੱਤ ਕੇ ਅਪਣੇ ਵਿਚ ਸ਼ਾਮਲ ਕਰ ਲਿਆ ਸੀ। ਬਾਅਦ ਵਿਚ ਸਾਗਰ ਰਾਹੀਂ ਹੁੰਦੇ ਹੋਏ ਮਸਾਲੇ ਦੇ ਕਾਰੋਬਾਰ ਦਾ ਰਾਹ ਖੁੱਲ੍ਹ ਗਿਆ। ਇਸੇ ਦੇ ਚਲਦਿਆਂ ਮਾਦੈਨ ਸਾਲੇਹ ਵਰਗੇ ਰੇਗਿਸਤਾਨੀ ਸ਼ਹਿਰ ਵੀਰਾਨ ਅਤੇ ਖੰਡਰ ਹੋ ਗਏ।
ਇੱਥੇ ਜਾਣ ਤੇ ਤੁਹਾਨੂੰ ਕਤਾਰ ਨਾਲ ਬਣੀਆਂ ਹੋਈਆਂ 131 ਕਬਰਾਂ ਮਿਲਦੀਆਂ ਹਨ। ਇਹ ਬੇਹੱਦ ਸ਼ਾਨਦਾਰ ਕਬਰਾਂ ਹਨ। ਸ਼ਾਇਦ ਇਹ ਸ਼ਾਹੀ ਪ੍ਰਵਾਰਾਂ ਦੀਆਂ ਕਬਰਾਂ ਹਨ। ਇਨ੍ਹਾਂ ਉਤੇ ਭਾਂਤ-ਭਾਂਤ ਦੀ ਨੱਕਾਸ਼ੀ ਕੀਤੀ ਹੋਈ ਹੈ। ਬਾਜ਼ ਬਣੇ ਹੋਏ ਹਨ। ਵੱਡੇ-ਵੱਡੇ ਬੁੱਤ ਬਣੇ ਹਨ। ਇਨ੍ਹਾਂ ਦੀਆਂ ਕੰਧਾਂ ਉਤੇ ਜਿਸ ਦੀ ਕਬਰ ਬਣੀ ਹੈ ਉਸ ਬਾਰੇ ਅਰਾਮਾਇਕ ਭਾਸ਼ਾ 'ਚ ਲਿਖਿਆ ਗਿਆ ਹੈ। ਨਾਲ ਹੀ ਨੱਕਾਸ਼ੀ ਕਰਨ ਵਾਲੇ ਸੰਗਤਰਾਸ਼ ਦਾ ਨਾਂ ਵੀ ਲਿਖਿਆ ਹੈ।
ਮਕਬਰਿਆਂ ਉਤੇ ਲਿਖੀ ਇਬਾਰਤ ਤੋਂ ਮਾਦੈਨ ਸਾਲੇਹ ਦੇ ਵਸਨੀਕਾਂ ਬਾਰੇ ਦਿਲਚਸਪ ਜਾਣਕਾਰੀ ਹਾਸਲ ਹੁੰਦੀ ਹੈ ਜਿਵੇਂ ਉਨ੍ਹਾਂ ਦੇ ਨਾਂ ਕੀ ਸਨ, ਉਹ ਕਿਹੜੇ ਖ਼ਾਨਦਾਨ ਨਾਲ ਸਬੰਧਤ ਸਨ, ਉਹ ਕੀ ਕੰਮ ਕਰਦੇ ਸਨ ਅਤੇ ਕਿਹੜੇ ਦੇਵਤਾ ਨੂੰ ਪੂਜਦੇ ਸਨ। ਨੇਬੇਤੀਅਨ ਸਲਤਨਤ ਦਾ ਲਿਖਤੀ ਇਤਿਹਾਸ ਨਹੀਂ ਮਿਲਦਾ। ਸੋ, ਇਨ੍ਹਾਂ ਮਕਬਰਿਆਂ ਅਤੇ ਸ਼ਹਿਰ ਦੀਆਂ ਦੂਜੀਆਂ ਬਚੀਆਂ ਹੋਈਆਂ ਇਮਾਰਤਾਂ ਉਤੇ ਦਰਜ ਇਬਾਰਤਾਂ ਤੋਂ ਉਸ ਦੌਰ ਬਾਰੇ ਜਾਣਕਾਰੀ ਮਿਲਦੀ ਹੈ। ਜ਼ਿਆਦਾਤਰ ਦਰਜ ਇਬਾਰਤਾਂ ਅਰਾਮਾਇਕ ਵਿਚ ਹਨ। ਇਹ ਯਹੂਦੀ ਜ਼ੁਬਾਨ, ਇਸਲਾਮ ਧਰਮ ਦੇ ਉਪਜਣ ਤੋਂ ਪਹਿਲਾਂ ਮੱਧ-ਪੂਰਬ ਵਿਚ ਵੱਡੀ ਪੱਧਰ ਤੇ ਬੋਲੀ ਜਾਂਦੀ ਸੀ। ਅਰਾਮਾਇਕ ਜਾਣਨਾ ਉਸ ਦੌਰ ਵਿਚ ਕਾਰੋਬਾਰ ਅਤੇ ਵਪਾਰ ਲਈ ਬੇਹੱਦ ਜ਼ਰੂਰੀ ਸੀ।ਹਾਲਾਂਕਿ ਨੇਬੇਤੀਅਨ ਲੋਕ ਅਰਬੀ ਭਾਸ਼ਾ ਦੀ ਸ਼ੁਰੂਆਤੀ ਬੋਲੀ ਵੀ ਇਸਤੇਮਾਲ ਕਰਦੇ ਸਨ ਕਿਉਂਕਿ ਕੁੱਝ ਲੇਖ ਅਰਬੀ ਵਿਚ ਵੀ ਲਿਖੇ ਹੋਏ ਮਿਲੇ ਹਨ। ਮਾਦੈਨ ਸਾਲੇਹ ਦੇ ਸਾਰੇ ਮਕਬਰਿਆਂ ਵਿਚੋਂ ਕਸਰ ਅਲ ਫ਼ਰੀਦ ਦਾ ਮਕਬਰਾ ਸੱਭ ਤੋਂ ਮਸ਼ਹੂਰ ਅਤੇ ਵਿਸ਼ਾਲ ਹੈ। ਇਥੋਂ ਰੇਗਿਸਤਾਨ ਵਿਚ ਦੂਰ ਤਕ ਨਜ਼ਰ ਜਾਂਦੀ ਹੈ। ਸੁਨਹਿਰੇ ਪੱਥਰ ਦੀ ਇਮਾਰਤ ਇਉਂ ਲਗਦੀ ਹੈ ਜਿਵੇਂ ਕੋਈ ਟਿੱਲਾ ਰੇਗਿਸਤਾਨ ਵਿਚੋਂ ਨਿਕਲਿਆ ਹੋਇਆ ਹੈ।
ਜਿਥੇ ਪੇਤਰਾ ਸ਼ਹਿਰ ਦੇ ਖੰਡਰਾਂ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਆਉਂਦੇ ਹਨ, ਉਥੇ ਮਾਦੈਨ ਸਾਲੇਹ ਵਿਚ ਸੰਨਾਟੇ ਦਾ ਰਾਜ ਹੈ। ਇਸ ਦਾ ਵੱਡਾ ਕਾਰਨ ਸਾਊਦੀ ਅਰਬ ਦੇ ਇਸਲਾਮਿਕ ਨਿਯਮ ਤੇ ਕਾਇਦੇ ਵੀ ਹਨ। ਮਾਦੈਨ ਸਾਲੇਹ ਕੋਲ ਹੀ ਜਬਾਲ ਐਥਲਿਵ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਥੇ ਨੇਬੇਤੀਅਨ ਦੇਵਤਾ ਦੁਸ਼ਾਰਾ ਨੂੰ ਪੂਜਿਆ ਜਾਂਦਾ ਸੀ। ਦੁਸ਼ਾਰਾ ਪਹਾੜਾਂ ਦਾ ਦੇਵਤਾ ਸੀ। ਜਬਾਲ ਐਥਲਿਬ ਸਥਿਤ ਮੰਦਰ ਦੀਆਂ ਕੰਧਾਂ ਉਤੇ ਦੂਜੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਉਕਰੀਆਂ ਗਈਆਂ ਹਨ। ਇਸ ਇਲਾਕੇ ਵਿਚ ਪੁਰਾਣੀਆਂ ਨਹਿਰਾਂ ਦੇ ਨਿਸ਼ਾਨ ਵੀ ਮਿਲਦੇ ਹਨ ਜਿਨ੍ਹਾਂ ਜ਼ਰੀਏ ਨੇਬੇਤੀਅਨ ਲੋਕ ਪਾਣੀ ਨੂੰ ਜਮ੍ਹਾਂ ਕਰਦੇ ਸਨ।ਇਥੋਂ ਦੀ ਪਹਾੜੀ ਉਤੇ ਖੜੇ ਹੋ ਕੇ ਤੁਸੀ ਸਦੀਆਂ ਪੁਰਾਣੇ ਲੰਘਦੇ ਹੋਏ ਊਠਾਂ ਦੇ ਕਾਫ਼ਲਿਆਂ ਦਾ ਤਸੱਵਰ ਕਰ ਸਕਦੇ ਹੋ। ਕਾਰੋਬਾਰੀ ਇਨ੍ਹਾਂ ਰਾਹਾਂ ਰਾਹੀਂ ਲੋਹਬਾਣ ਅਤੇ ਦੂਜੀਆਂ ਚੀਜ਼ਾਂ ਦੀ ਖੇਪ ਭੂ-ਮੱਧ ਸਾਗਰ ਸਥਿਤ ਬੰਦਗਾਹਾਂ ਤਕ ਪਹੁੰਚਾਉਂਦੇ ਸਨ। ਅੱਜ ਇਥੇ ਬਚੇ ਹੋਏ ਖੰਡਰ ਹਨ ਜੋ ਸਦੀਆਂ ਪਹਿਲਾਂ ਦੇ ਸੁਨਹਿਰੀ ਦੌਰ ਦੀ ਗਵਾਹੀ ਦਿੰਦੇ ਹਨ।