ਸਾਊਦੀ ਅਰਬ ਦੀ ਫ਼ੌਜ 'ਚ ਸ਼ਾਮਲ ਹੋਣਗੀਆਂ ਔਰਤਾਂ

ਖ਼ਬਰਾਂ, ਕੌਮਾਂਤਰੀ

ਰਿਆਦ, 26 ਫ਼ਰਵਰੀ : ਸਾਊਦੀ ਅਰਬ 'ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਮਿਲਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਥਿਆਰ ਚਲਾਉਣ ਦੀ ਮਨਜ਼ੂਰੀ ਵੀ ਮਿਲ ਜਾਵੇਗੀ। ਦਰਅਸਲ ਸੁਧਵਾਰਵਾਦੀ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਾਊਦੀ ਸਰਕਾਰ ਨੇ ਫ਼ੌਜ 'ਚ ਔਰਤਾਂ ਦੀ ਭਰਤੀ ਨੂੰ ਵੀ ਹਰੀ ਝੰਡੀ ਵਿਖਾ ਦਿਤੀ ਹੈ। ਸਰਕਾਰੀ ਤਾਜ਼ਾ ਫੁਰਮਾਨ ਅਨੁਸਾਰ ਹੁਣ ਔਰਤਾਂ ਫ਼ੌਜ 'ਚ ਵੀ ਸ਼ਾਮਲ ਹੋ ਸਕਣਗੀਆਂ। ਸਾਊਦੀ ਮੀਡੀਆ ਅਨੁਸਾਰ ਐਤਵਾਰ ਨੂੰ ਲੋਕ ਸੁਰਖਿਆ ਦਫ਼ਤਰ ਵਲੋਂ ਫ਼ੌਜ 'ਚ ਇਹ ਭਰਤੀ ਖੋਲ੍ਹ ਦਿਤੀ ਗਈ। ਰੀਪੋਰਟ ਮੁਤਾਬਕ ਇਨ੍ਹਾਂ ਔਰਤਾਂ ਨੂੰ ਮਦੀਨਾ, ਮੱਕਾ, ਰਿਆਦ, ਅਲ-ਬਹਾ ਤੇ ਕਾਸਿਮ ਆਦਿ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ। ਫ਼ੌਜ 'ਚ ਭਰਤੀ ਹੋਣ ਲਈ ਜ਼ਰੂਰੀ ਯੋਗਤਾਵਾਂ 'ਚ ਔਰਤ ਨੂੰ ਸਾਊਦੀ ਮੂਲ ਦਾ ਹੋਣਾ ਜ਼ਰੂਰੀ ਹੈ ਅਤੇ ਵਿਦਿਅਕ ਯੋਗਤਾ ਹਾਈ ਸਕੂਲ ਡਿਪਲੋਮਾ ਤੋਂ ਘੱਟ ਨਹੀਂ ਹੋਣੀ ਚਾਹੀਦੀ। 25 ਤੋਂ ਘੱਟ ਅਤੇ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਆਵੇਦਨ

 ਨਹੀਂ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਸਲਮਾਨ ਇਥੇ ਲਗਾਤਾਰ ਸੁਧਾਰਾਂ ਦੀ ਕੋਸ਼ਿਸ਼ ਕਰ ਰਹੇ ਹਨ। ਔਰਤਾਂ ਲਈ ਫ਼ੌਜ 'ਚ ਸ਼ਾਮਲ ਹੋਣ ਦੇ ਕਾਨੂੰਨ ਨੂੰ ਵੀ ਇਸੇ ਕਦਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਸਾਲ ਜੂਨ 'ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਵੀ ਮਿਲ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਟੇਡੀਅਮ 'ਚ ਮੈਚ ਵੇਖਣ ਦੀ ਵੀ ਇਜ਼ਾਜਤ ਦਿਤੀ ਗਈ ਹੈ। ਜਦਕਿ ਸਿਨੇਮਾ ਹਾਲ 'ਤੇ ਲੰਮੇ ਸਮੇਂ ਤੋਂ ਚਲੀ ਆ ਰਹੀ ਪਾਬੰਦੀ ਨੂੰ ਵੀ ਹਟਾ ਲਿਆ ਗਿਆ ਹੈ। ਉਥੇ ਹੀ ਸਾਊਦੀ ਅਰਬ ਦੀਆਂ ਔਰਤਾਂ ਹੁਣ ਅਪਣੇ ਪਤੀ ਜਾਂ ਕਿਸੇ ਵੀ ਮਰਦ ਰਿਸ਼ਤੇਦਾਰ ਦੀ ਮਨਜ਼ੂਰੀ ਤੋਂ ਬਗੈਰ ਅਪਣਾ ਕਾਰੋਬਾਰ ਸ਼ੁਰੂ ਕਰ ਸਕਣਗੀਆਂ। (ਪੀਟੀਆਈ)