'ਸਾਊਦੀ ਅਰਬ ਤੋਂ 35 ਭਾਰਤੀ ਵਾਪਸ ਘਰ ਪਰਤੇ'

ਖ਼ਬਰਾਂ, ਕੌਮਾਂਤਰੀ

ਐਸ.ਏ.ਐਸ. ਨਗਰ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਅਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਦੇ ਉੱਦਮਾਂ ਸਦਕਾ ਸਾਉਦੀ ਅਰਬ ਵਿਚ ਫਸੇ 35 ਭਾਰਤੀ ਨੌਜਵਾਨ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਰਹਿਣ ਵਾਲੇ ਹਨ, ਨੂੰ ਵਾਪਸ ਆਪੋ ਅਪਣੇ ਘਰਾਂ ਤਕ ਪਹੁੰਚਾਇਆ ਗਿਆ ਹੈ।ਬੀਬੀ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਕੋਲ ਇਹਨਾਂ ਨੌਜਵਾਨਾਂ ਦਾ ਕੇਸ ਹਰਿਆਣਾ ਦੇ ਵਸਨੀਕ ਅਮਨਦੀਪ ਸਿੰਘ ਲੈ ਕੇ ਆਇਆ ਸੀ ਜਿਸ ਨੇ ਦਸਿਆ ਕਿ ਇਹ ਭਾਰਤੀ ਨੌਜਵਾਨ ਕੰਮ ਕਰਨ ਲਈ ਸਾਉਦੀ ਅਰਬ ਗਏ ਸਨ ਪਰ ਉਥੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਇਥੇ ਉਨ੍ਹਾਂ ਨੂੰ ਬਿਨਾਂ ਪੈਸੇ ਦਿਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਖਾਣਾ ਤਕ ਨਹੀਂ ਸੀ ਦਿਤਾ ਜਾਂਦਾ। ਪਾਣੀ ਪੀਣ ਲਈ ਵੀ ਇਹ ਨੌਜਵਾਨ ਤਰਸਦੇ ਸਨ। ਜਦੋਂ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਦਵਾਈ ਤਕ ਨਹੀਂ ਸੀ ਦਿਤੀ ਜਾਂਦੀ। ਇਹਨਾਂ ਨੌਜਵਾਨਾਂ ਨੇ ਜਦੋਂ ਘਰ ਵਾਪਸ ਆਉਣ ਲਈ ਕਿਹਾ ਤਾਂ ਸ਼ੇਖ ਨੇ ਕਿਹਾ ਕਿ ਮੈਂ ਤੁਹਾਡੀ ਖਰੀਦ ਕੀਤੀ ਹੈ। ਸਾਰੇ ਨੌਜਵਾਨ ਇਕ ਹੀ ਕਮਰਾ ਵਿਚ ਰੱਖੇ ਗਏ ਸੀ ਅਤੇ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਹੀ ਬੰਦ ਕਰ ਦਿਤਾ ਜਾਂਦਾ ਸੀ। ਉਨ੍ਹਾਂ ਨਾਲ ਜਾਨਵਰਾਂ ਤੋਂ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਨੌਜਵਾਨਾਂ ਨੇ ਕਿਹਾ ਕਿ ਏਜੰਟਾਂ ਨੇ ਧੋਖਾ ਕਰ ਕੇ ਉਨ੍ਹਾਂ ਨੂੰ ਸਾਉਦੀ ਅਰਬ ਦੇ ਸ਼ੇਖ ਕੋਲ ਵੇਚ ਦਿਤਾ।