ਸਾਦਿਕ ਸੰਜਰਾਨੀ ਬਣੇ ਪਾਕਿਸਤਾਨ ਸੀਨੇਟ ਦੇ ਸਭਾਪਤੀ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ, 13 ਮਾਰਚ : ਪਾਕਿਸਤਾਨ ਦੀ ਸੀਨੇਟ ਚੋਣਾਂ ਤੋਂ ਬਾਅਦ ਹੁਣ ਬਲੋਚਿਸਤਾਨ ਦੇ ਆਜ਼ਾਦ ਉਮੀਦਵਾਰ ਮੁਹੰਮਦ ਸਾਦਿਕ ਸੰਜਰਾਨੀ ਨੂੰ ਪਾਕਿਸਤਾਨ ਸੀਨੇਟ ਦਾ ਸਭਾਪਤੀ ਚੁਣ ਲਿਆ ਗਿਆ।
ਜਾਣਕਾਰਾਂ ਅਨੁਸਾਰ ਪਾਕਿਸਤਾਨੀ ਲੋਕਤੰਤਰ ਦੇ ਇਤਿਹਾਸ ਵਿਚ ਪਹਿਲੀ ਵਾਰ ਬਲੋਚਿਸਤਾਨ ਤੋਂ ਕਿਸੇ ਵਿਅਕਤੀ ਨੂੰ ਸੀਨੇਟ ਦਾ ਸਭਾਪਤੀ ਚੁਣਿਆ ਗਿਆ ਹੈ। 40 ਸਾਲਾ ਸੰਜਰਾਨੀ ਨੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਉਮੀਦਵਾਰ ਨੂੰ ਹਰਾਇਆ ਹੈ। ਸੰਜਰਾਨੀ ਨੂੰ 103 'ਚੋਂ 57 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਅਤੇ ਸੱਤਾਧਾਰੀ ਪੀ.ਐਮ.ਐਲ.-ਐਨ. ਦੇ ਉਮੀਦਵਾਰ ਰਾਜ਼ਾ ਜ਼ਫ਼ਰ-ਉਲ ਹੱਕ ਨੂੰ

 ਸਿਰਫ਼ 46 ਵੋਟਾਂ ਹੀ ਮਿਲੀਆਂ। 40 ਸਾਲਾ ਸੰਜਰਾਨੀ ਕਾਇਦ-ਏ-ਆਜ਼ਮ ਯੂਨੀਵਰਸਟੀ ਤੋਂ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹਾਸਲ ਕਰ ਚੁਕੇ ਹਨ। ਸੰਜਰਾਨੀ ਨੂੰ ਪਾਕਿਸਤਾਨ ਦੀ ਪੀਪਲਜ਼ ਪਾਰਟੀ, ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਅਤੇ ਕਈ ਆਜ਼ਾਦ ਉਮੀਦਵਾਰਾਂ ਨੇ ਸਮਰਥਨ ਦਿਤਾ ਸੀ। ਸੈਨੇਟ ਦੇ ਸਭਾਪਤੀ ਲਈ 3 ਮਾਰਚ ਨੂੰ ਚੋਣਾਂ ਹੋਈਆਂ ਸਨ। ਇਸ ਵਾਰੀ ਕੁਲ 51 ਨਵੇਂ ਮੈਂਬਰ ਸਦਨ ਵਿਚ ਆਏ ਹਨ। ਇਨ੍ਹਾਂ ਮੈਂਬਰਾਂ ਨੂੰ ਇਥੇ ਆਯੋਜਿਤ ਇਕ ਸਮਾਰੋਹ 'ਚ ਸਹੁੰ ਚੁਕਾਈ ਗਈ।ਪਾਕਿਸਤਾਨ ਪੀਪਲਜ਼ ਪਾਰਟੀ  ਦੀ ਕ੍ਰਿਸ਼ਨਾ ਕੋਹਲੀ ਵੀ ਅਪਣੇ ਪਰਵਾਰ ਨਾਲ ਰਵਾਇਤੀ ਪਹਿਰਾਵੇ 'ਚ ਸਮਾਰੋਹ ਵਿਚ ਪਹੁੰਚੀ। ਉਹ ਸਦਨ 'ਚ ਚੁਣੀ ਜਾਣ ਵਾਲੀ ਪਹਿਲੀ ਹਿੰਦੂ ਮਹਿਲਾ ਹੈ। (ਪੀਟੀਆਈ)