ਸ਼ਾਹੀ ਠਾਠ ਛੱਡ ਕੇ ਆਮ ਨੌਜਵਾਨ 'ਤੇ ਫ਼ਿਦਾ ਹੋਈ ਜਾਪਾਨ ਦੀ ਰਾਜਕੁਮਾਰੀ ਮਾਕੋ

ਖ਼ਬਰਾਂ, ਕੌਮਾਂਤਰੀ

ਟੋਕਿਉ, 3 ਸਤੰਬਰ : ਜਾਪਾਨ ਦੇ ਸ਼ਾਹੀ ਪਰਵਾਰ ਨੇ ਐਤਵਾਰ ਨੂੰ ਕਿਹਾ ਕਿ ਬਾਦਸ਼ਾਹ ਅਕਿਹਤੋ ਦੀ ਵੱਡੀ ਪੋਤਰੀ ਰਾਜਕੁਮਾਰੀ ਮਾਕੋ ਅਪਣੇ ਦੋਸਤ ਕੇਈ ਕੋਮੁਰੋ ਨਾਲ ਵਿਆਹ ਕਰੇਗੀ। ਕੇਈ ਆਮ ਨਾਗਰਿਕ ਹੈ। ਇਸ ਕਾਰਨ ਰਾਜਕੁਮਾਰੀ ਨੂੰ ਸ਼ਾਹੀ ਪਰਵਾਰ ਛੱਡ ਕੇ ਆਮ ਨਾਗਰਿਕਾਂ ਵਾਂਗ ਜ਼ਿੰਦਗੀ ਬਤੀਤ ਕਰਨੀ ਪਵੇਗੀ। ਇਸ ਨਾਲ ਸ਼ਾਹੀ ਪਰਵਾਰ ਹੋਰ ਛੋਟਾ ਹੋ ਜਾਵੇਗਾ।
ਮਾਕੋ ਸ਼ਾਹੀ ਪਰਵਾਰ ਦੇ ਚਾਰ ਪੋਤੇ-ਪੋਤਰੀਆਂ 'ਚੋਂ ਸੱਭ ਤੋਂ ਵੱਡੀ ਹੈ। ਉਸ ਤੋਂ ਬਾਅਦ ਉਸ ਦੀ ਛੋਟੀ ਭੈਣ ਕਾਕੋ, ਆਇਕੋ ਅਤੇ ਭਰਾ ਹਿਸਾਹਿਤੋ ਹਨ। ਸ਼ਾਹੀ ਪਰਵਾਰ ਲਗਾਤਾਰ ਛੋਟਾ ਹੋਣ ਕਾਰਨ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਹਿਸਾਹਿਤੋ ਅੰਤਮ ਬਾਦਸ਼ਾਹ ਹੋ ਸਕਦਾ ਹੈ। ਗੱਦੀ ਦੇ ਚਾਰ ਅਹੁਦੇਦਾਰਾਂ 'ਚ 10 ਸਾਲਾ ਹਿਸਾਹਿਤੋ ਵੀ ਸ਼ਾਮਲ ਹੈ। ਇਸ ਸਾਲ ਜੂਨ 'ਚ ਜਾਪਾਨ ਦੀ ਸੰਸਦ ਨੇ ਬਾਦਸ਼ਾਹ ਅਕਿਹਤੋ ਨੂੰ ਅਹੁਦਾ ਛੱਡਣ ਦੀ ਮਨਜੂਰੀ ਦੇ ਦਿਤੀ ਸੀ।
ਦੋ ਦਹਾਕਿਆਂ 'ਚ ਪਹਿਲੀ ਵਾਰ ਅਜਿਹਾ ਹੋਵੇਗਾ, ਜਦੋਂ ਕੋਈ ਬਾਦਸ਼ਾਹ ਅਹੁਦਾ ਛੱਡੇਗਾ। ਉਨ੍ਹਾਂ ਦੀ ਥਾਂ ਸਾਲ 2018 ਦੇ ਅੰਤਮ ਤਕ ਕ੍ਰਾਊਨ ਪ੍ਰਿੰਸ ਨਾਰੂਹਿਤੋ ਜਾਪਾਨ ਦੇ ਅਗਲੇ ਬਾਦਸ਼ਾਹ ਬਣ ਸਕਦੇ ਹਨ। 83 ਸਾਲਾ ਅਕਿਹਤੋ ਨੇ ਪਿਛਲੇ ਸਾਲ ਉਮਰ ਅਤੇ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਸ਼ਾਹੀ ਅਹੁਦਿਆਂ ਤੋਂ ਮੁਕਤੀ ਦੀ ਇੱਛਾ ਪ੍ਰਗਟਾਈ ਸੀ। ਪ੍ਰੋਸਟੇਟ ਕੈਂਸਰ ਨਾਲ ਪੀੜਤ ਅਕਿਹਤੋ ਦਿਲ ਦਾ ਆਪ੍ਰੇਸ਼ਨ ਵੀ ਕਰਵਾ ਚੁਕੇ ਹਨ। ਉਹ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਬਾਦਸ਼ਾਹ ਹਨ।
ਰਾਜਕੁਮਾਰੀ ਮਾਕੋ ਦੀ ਪਸੰਦ ਕੇਈ ਕੋਮੁਰੋ ਟੋਕਿਉ 'ਚ ਇਕ ਕਾਨੂੰਨ ਦਫ਼ਤਰ 'ਚ ਕੰਮ ਕਰਦਾ ਹੈ। ਦੋਨਾਂ ਨੇ ਇਕੱਠੇ ਇੰਟਰਨੈਸ਼ਨਲ ਕ੍ਰਿਸ਼ਚਨ ਯੂਨੀਵਰਸਟੀ ਤੋਂ ਡਿਗਰੀ ਕੀਤੀ। ਇਸ ਤੋਂ ਬਾਅਦ ਮਾਕੋ ਨੇ ਲੀਸੇਸਟਰ ਯੂਨੀਵਰਸਟੀ ਤੋਂ ਮਾਸਟਰ ਦੀ ਡਿਗਰੀ ਲਈ ਅਤੇ ਇਸ ਸਮੇਂ ਇਕ ਮਿਊਜ਼ਿਅਮ 'ਚ ਖ਼ੋਜਕਰਤਾ ਵਜੋਂ ਕੰਮ ਰਿਹਾ ਹੈ।