ਸਾਕਾ ਨਕੋਦਰ ਦੇ ਸ਼ਹੀਦਾਂ ਨਿਊਯਾਰਕ ਦੇ ਗੁਰਦੁਆਰਾ ਸਾਹਿਬ 'ਚ ਸ਼ਰਧਾਂਜਲੀ

ਖ਼ਬਰਾਂ, ਕੌਮਾਂਤਰੀ

ਨਿਊਯਾਰਕ ਦੇ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫ਼ੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 32ਵੀਂ ਬਰਸੀ ਦੇ ਸਬੰਧ ਵਿਚ 4 ਫਰਵਰੀ ਨੂੰ ਸਮਾਗਮ ਕਰਵਾਇਆ ਗਿਆ। 

ਦੋਆਬਾ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਕਾ ਨਕੋਦਰ ਦੇ ਚਾਰਾਂ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਐਤਵਾਰ ਨੂੰ ਸਵੇਰੇ 10 ਵਜੇ ਸ਼ਹੀਦੀ ਕਾਨਫਰੰਸ ਹੋਈ। ਇਸ ਮੌਕੇ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਸ਼ੁਸ਼ੋਭਿਤ ਕੀਤੀਆਂ ਗਈਆਂ। ਇੱਕ ਸਥਾਨਕ ਪੰਜਾਬੀ ਟੀਵੀ ਵਲੋਂ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। 

ਇਸ ਸਮਾਗਮ ਵਿੱਚ ਡਾ. ਅਮਰਜੀਤ ਸਿੰਘ ਅਤੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਛੋਟੇ ਭਰਾ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਵਿਸੇਸ਼ ਤੌਰ 'ਤੇ ਸ਼ਾਮਲ ਹੋਏ। ਦੱਸ ਦੇਈਏ ਕਿ 4 ਫਰਵਰੀ 1986 ਵਾਲੇ ਦਿਨ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਲਈ ਇਕੱਠੀ ਹੋਈ ਸਿੱਖ ਸੰਗਤ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿਚ ਉਕਤ ਚਾਰ ਨੌਜਵਾਨ ਸਿੰਘ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਸਨ। 

ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਸਾਕਾ ਨਕੋਦਰ ਸੰਬੰਧੀ ਪੰਜਾਬ ਸਰਕਾਰ ਨੇ ਜੋ ਅਦਾਲਤੀ ਜਾਂਚ ਰਿਟਾਇਰਡ ਜੱਜ ਗੁਰਨਾਮ ਸਿੰਘ ਕੋਲੋਂ ਕਾਰਵਾਈ ਸੀ, ਉਸ ਨੂੰ ਬਿਨਾ ਕਿਸੇ ਦੇਰੀ ਦੇ ਜਨਤਕ ਕੀਤਾ ਜਾਵੇ ਤਾਂ ਕਿ ਰਿਪੋਰਟ ਦਾ ਅਸਲ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ। ਦੱਸਣਯੋਗ ਹੈ ਕਿ 5 ਫਰਵਰੀ 1986 ਨੂੰ ਪੰਜਾਬ ਸਰਕਾਰ ਨੇ ਰਿਟਾਇਰਡ ਜੱਜ ਗੁਰਨਾਮ ਸਿੰਘ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਸਰੂਪਾਂ ਸਬੰਧੀ, 4 ਸਿੱਖ ਨੌਜਵਾਨਾਂ ਦੇ ਪੁਲਿਸ ਦੀ ਗੋਲੀ ਨਾਲ ਕੀਤੇ ਕਤਲਾਂ ਅਤੇ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਦਾ ਸਰਕਾਰੀ ਹੁਕਮਾਂ ਦੇ ਵਿਰੁੱਧ ਜਾ ਕੇ ਆਪ ਅੰਤਿਮ ਸਸਕਾਰ ਕਰਨ ਸੰਬੰਧੀ ਅਦਾਲਤੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਸੇਵਾਮੁਕਤ ਜੱਜ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ 29 ਮਾਰਚ 1987 ਨੂੰ ਸੌਂਪ ਦਿੱਤੀ ਸੀ ਅਤੇ ਅੱਜ ਤੱਕ ਵੀ ਜਨਤਕ ਨਹੀਂ ਕੀਤੀ ਗਈ।