ਕੁਆਲਾਲੰਪੁਰ, 14 ਸਤੰਬਰ : ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਇਕ ਧਾਰਮਕ ਸਕੂਲ 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਇਸ ਹਾਦਸੇ 'ਚ 25 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਜ਼ਿਆਦਾਤਰ ਵਿਦਿਆਰਥੀ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਟੀਮ ਮੌਕੇ 'ਤੇ ਪੁੱਜੀ ਅਤੇ ਇਕ ਘੰਟੇ ਦੀ ਮਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕੁਆਲਾਲੰਪੁਰ ਦੇ ਤਹਿਫ਼ੀਜ ਦਾਰੂਲ ਕੁਰਾਨ ਇਤਿਫਾਕੀਆ ਨਾਂ ਦੇ ਬੋਰਡਿੰਗ ਸਕੂਲ 'ਚ ਇਹ ਘਟਨਾ ਵਾਪਰੀ। ਸਕੂਲ ਦੀ ਦੋ ਮੰਜ਼ਲਾ ਇਮਾਰਤ 'ਚ ਵੀਰਵਾਰ ਸਵੇਰੇ 5:40 ਵਜੇ ਅੱਗ ਲੱਗੀ। ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਵਿਭਾਗ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਇਕ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਵਿਭਾਗ ਦੇ ਡਾਇਰੈਕਟਰ ਕਿਰੂਦੀਨ ਦ੍ਰਾਹਮਨ ਮੁਤਾਬਕ ਮ੍ਰਿਤਕਾਂ 'ਚ 23 ਵਿਦਿਆਰਥੀ ਅਤੇ 2 ਵਾਰਡਨ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਦੀ ਉਮਰ 13 ਤੋਂ 17 ਸਾਲ ਦੇ ਵਿਚਕਾਰ ਹੈ। ਸਰਕਾਰ ਨੇ ਇਸ ਮੰਦਭਾਗੀ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ।
ਅੱਗ ਬੁਝਾਊ ਵਿਭਾਗ ਦੇ ਡਿਪਟੀ ਡਾਇਰੈਕਟਰ ਸੋਈਮਨ
ਜਾਹਿਦ ਨੇ ਦਸਿਆ ਕਿ ਇਮਾਰਤ ਦੇ ਚਾਰੇ ਪਾਸੇ ਗ੍ਰਿਲ ਲੱਗੀ ਹੋਣ ਕਾਰਨ ਵਿਦਿਆਰਥੀ ਉਥੋਂ
ਬਾਹਰ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ
ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ
ਕੁਆਲਾਲੰਪੁਰ 'ਚ ਧਾਰਮਕ ਸਕੂਲ ਵਿਚ ਅੱਗ ਲੱਗਣ ਦੀ 28 ਸਾਲ 'ਚ ਇਹ ਸੱਭ ਤੋਂ ਵੱਡੀ ਘਟਨਾ
ਹੈ। ਇਸ ਤੋਂ ਪਹਿਲਾਂ 1989 'ਚ ਕੇਦਾਹ ਸੂਬੇ ਦੇ ਪ੍ਰਾਈਵੇਟ ਇਸਲਾਮਿਕ ਸਕੂਲ ਦੇ 8
ਹੋਸਟਲਾਂ 'ਚ ਅੱਗ ਲੱਗ ਗਈ ਸੀ। ਇਸ ਹਾਦਸੇ 'ਚ 27 ਵਿਦਿਆਰਥਣਾਂ ਦੀ ਮੌਤ ਹੋ ਗਈ ਸੀ।
(ਪੀਟੀਆਈ)