ਸਾਰਾਗੜ੍ਹੀ ਦੀ ਜੰਗ ਦੀ ਯਾਦ ਵਿੱਚ ਮੁੜ ਤਾੜੀਆਂ ਨਾਲ ਗੂੰਜਿਆ ਬ੍ਰਿਟਿਸ਼ ਸੰਸਦ, ਬਣੀ ਦਸਤਾਵੇਜ਼ੀ ਫ਼ਿਲਮ

ਖ਼ਬਰਾਂ, ਕੌਮਾਂਤਰੀ


1897 ਵਿੱਚ ਪਾਕਿਸਤਾਨ ਦੇ ਉੱਤਰ-ਪੱਛਮੀ ਫਰੰਟੀਅਰ 'ਤੇ ਸਾਰਗੜੀ ਵਿੱਚ 10000 ਅਫਗਾਨੀਆਂ ਤਾ ਟਾਕਰਾ ਕਰਨ ਵਾਲੇ 21 ਸੂਰਮੇ ਸਿੱਖ ਸਿਪਾਹੀਆਂ ਦੀ ਖ਼ਬਰ ਜਦੋਂ ਬਰਤਾਨਵੀ ਸੰਸਦ ਹਾਊਸ ਆਫ ਕਾਮਨ ਵਿਖੇ ਪਹੁੰਚੀ ਸੀ ਤਾਂ ਇਹ ਇਤਿਹਾਸਿਕ ਵਰਕਾ ਲਿਖੇ ਜਾਣ 'ਤੇ ਉਹਨਾਂ 21 ਸਿੱਖਾਂ ਦੇ ਸਨਮਾਨ ਵਿੱਚ ਪੂਰੇ ਸੰਸਦ ਨੇ ਖੜ੍ਹੇ ਹੋ ਕੇ ਸਨਮਾਨ ਦਿੱਤਾ ਸੀ। ਯੂ.ਕੇ. ਦੇ ਰਹਿਣ ਵਾਲੇ ਫੌਜੀ ਇਤਿਹਾਸਕਾਰ ਅਤੇ ਦਸਤਾਵੇਜ਼ੀ ਫਿਲਮਸਾਜ਼ ਕੈਪਟਨ ਜੈ ਸਿੰਘ ਸੋਹਲ ਨੂੰ ਇਸ ਗੱਲ ਦਾ ਯਕੀਨ ਉਦੋਂ ਹੋਇਆ ਜਦੋਂ 14 ਨਵੰਬਰ ਨੂੰ ਬ੍ਰਿਟਿਸ਼ ਪਾਰਲੀਮੈਂਟ ਨੇ ਸਾਰਾਗੜੀ ਸ਼ਹੀਦਾਂ ਦੇ ਸਨਮਾਨ 'ਚ ਤਾੜੀਆਂ ਵਜਾ ਮੁੜ ਇਸ ਯਾਦ ਨੂੰ ਤਾਜ਼ਾ ਕੀਤਾ।  ਦਰਅਸਲ ਸੋਹਲ ਅਤੇ ਹੋਰ ਕਈ ਜਣੇ ਨਵੀਂ ਬਣੀ ਦਸਤਾਵੇਜ਼ੀ ਡਰਾਮਾ ਫਿਲਮ 'ਸਾਰਾਗੜੀ: ਦ ਟਰੂ ਸਟੋਰੀ' ਦੀ ਸਕਰੀਨਿੰਗ ਲਈ ਇਕੱਠੇ ਹੋਏ ਸਨ ਜਿਸਦਾ ਆਯੋਜਨ ਸਾਬਕਾ ਜਸਟਿਸ, ਪੈਨਸ਼ਨ ਮੰਤਰੀ ਅਤੇ ਸਾਂਸਦ ਸ਼ੈਲੇਸ਼ ਵਾਰ ਨੇ ਕੀਤਾ ਸੀ।  



ਸੋਹਲ ਦੁਆਰਾ ਸੱਤ ਸਾਲਾਂ ਤੋਂ ਵੀ ਵੱਧ ਸਮੇਂ ਦੀ ਖੋਜ ਤੋਂ ਬਾਅਦ ਬਣਾਈ ਗਈ ਇਸ ਫਿਲਮ ਵਿੱਚ ਬੰਗਾਲ ਇਨਫੈਂਟਰੀ ਦੀ 36 ਵੀਂ ਸਿੱਖ ਰੈਜੀਮੈਂਟ (ਹੁਣ ਭਾਰਤੀ ਫੌਜ ਵਿੱਚ 4 ਵੀਂ ਸਿੱਖ ਰੈਜਮੈਂਟ) ਦੇ 21 ਸਿੱਖ ਸੈਨਿਕਾਂ ਦੇ ਬਾਰੇ ਦੱਸਿਆ ਗਿਆ ਹੈ ਜਿਹਨਾਂ ਨੇ 12 ਸਤੰਬਰ 1897 ਨੂੰ ਜਾਗਦੇ ਹੀ ਆਪਣੇ ਆਪ ਨੂੰ 10,000 ਅਫਗਾਨਾਂ ਨਾਲ ਘਿਰਿਆ ਪਾਇਆ ਸੀ।


ਹਵਲਦਾਰ ਈਸ਼ਰ ਸਿੰਘ ਇਸ ਜੰਗ ਦਾ ਨਾਇਕ ਸੀ। 21 ਫੌਜੀ ਸਿਪਾਹੀ ਅਤੇ ਉਹਨਾਂ ਦੇ ਇੱਕ ਸਹਾਇਕ ਦਾਦ, ਨੇ ਇਸ ਜੰਗ ਵਿੱਚ ਬਹਾਦਰੀ ਦੀ ਲਾਮਿਸਾਲ ਉਦਾਹਰਣ ਪੈਦਾ ਕੀਤੀ।  ਭਾਰਤ, ਪਾਕਿਸਤਾਨ ਅਤੇ ਯੂ.ਕੇ. ਵਿੱਚ ਫਿਲਮਾਈ ਗਈ ਡੌਕੂਮੈਂਟਰੀ ਵਿੱਚ ਇਹ ਕਹਾਣੀ ਸਵੈ-ਲਿਖਤਾਂ, ਅਣਦੇਖਿਆਂ ਤਸਵੀਰਾਂ, ਹੈਰਾਨ ਕਰ ਦੇਣ ਵਾਲੇ ਗਰਾਫਿਕਸ, ਵਿਜ਼ੂਅਲ ਪ੍ਰਭਾਵਾਂ ਰਾਹੀਂ ਦੱਸੀ ਗਈ ਹੈ।


ਫ਼ਿਲਮ ਬਾਰੇ ਬੋਲਦੇ ਹੋਏ ਕੈਪਟਨ ਸੋਹਲ ਨੇ ਕਿਹਾ, "ਬ੍ਰਿਟਿਸ਼ ਭਾਰਤੀ ਜੰਗੀ ਇਤਿਹਾਸ ਦੇ ਇਸ ਘਟਨਾਕ੍ਰਮ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧਾਂ ਦੌਰਾਨ ਸੇਵਾ ਕਰਨ ਲਈ ਹਜ਼ਾਰਾਂ ਹੋਰਨਾਂ ਭਾਰਤੀਆਂ ਨੂੰ ਪ੍ਰੇਰਿਆ, ਜਿਨ੍ਹਾਂ ਨੇ ਕਾਮਨਵੈਲਥ ਸਮੇਤ ਸਾਰੇ ਬ੍ਰਿਟਿਸ਼ ਸੈਨਿਕਾਂ ਨੂੰ ਮੋਢੇ ਨਾਲ ਮੋਢਾ ਜੋੜ ਲੜਨ ਦੀ ਪ੍ਰੇਰਨਾ ਦਿੱਤੀ। ਇਹ ਇਤਿਹਾਸ ਅੱਜ ਵੀ ਨਵੀਂ ਪੀੜ੍ਹੀ ਨੂੰ ਲਗਾਤਾਰ ਪ੍ਰੇਰਨਾ ਦੇ ਰਿਹਾ ਹੈ "2 ਦਸੰਬਰ ਨੂੰ ਨਿਊਯਾਰਕ ਵਿੱਚ ਹੋਣ ਵਾਲੇ ਸਿੱਖ ਆਰਟਸ ਐਂਡ ਫਿਲਮ ਫੈਸਟੀਵਲ 'ਤੇ ਸਕ੍ਰੀਨਿੰਗ ਤੋਂ ਬਾਅਦ ਇਹ ਫਿਲਮ ਆਪਣੇ ਅੰਤਰਰਾਸ਼ਟਰੀ ਟੂਰ 'ਤੇ ਰਵਾਨਾ ਹੋਣ ਜਾ ਰਹੀ ਹੈ।