ਸਿੰਗਾਪੁਰ ਦੇ 20 ਨੌਜਵਾਨ ਪੰਜਾਬ ਦੇ ਇਕ ਪਿੰਡ ਵਿੱਚ ਸਕੂਲ ਦੀ ਮੁਰੰਮਤ ਕਰਨਗੇ। ਮੀਡੀਆ ਰਿਪੋਰਟ ਮੁਤਾਬਕ ਉਹ ਇਥੇ ਤਿੰਨ ਹਫ਼ਤਿਆਂ ਦੀ ਛੁੱਟੀ ਬਿਤਾਉਣਗੇ। ਇਨ੍ਹਾਂ ਨੌਜਵਾਨਾਂ ਦੀ ਉਮਰ 18-21 ਸਾਲ ਵਿਚਾਲੇ ਹੈ। ਇਹ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਲੋਕਾਂ ਨਾਲ ਰਹਿਣਗੇ ਅਤੇ ਨੌਂ ਦਸੰਬਰ ਤੋਂ ਸਕੂਲ ਦੀ ਮੁਰੰਮਤ ਦੇ ਨਾਲ-ਨਾਲ ਰੰਗ ਰੋਗਨ ਦਾ ਕੰਮ ਵੀ ਕਰਨਗੇ।
ਸਾਫ਼ ਪਾਣੀ ਲਈ ਸਕੂਲ ਵਿੱਚ ਫਿਲਟਰ ਮਸ਼ੀਨ ਲਾਉਣ ਦੇ ਨਾਲ-ਨਾਲ ਪਖਾਨਿਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਦੌਰਾਨ ਪਿੰਡ ਦੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਅਤੇ ਕੱਪੜਿਆਂ ਦੇ ਨਾਲ ਹੋਰ ਲੋੜੀਂਦੀਆਂ ਚੀਜ਼ਾਂ ਵੀ ਵੰਡਣਗੇ।
ਜ਼ਿਕਰਯੋਗ ਹੈ ਕਿ ਇਸ ਲਈ ਫੰਡ ਦਾ ਕੁੱਝ ਹਿੱਸਾ ਸਿੰਗਾਪੁਰ ਦੀ ਨੈਸ਼ਨਲ ਯੂਥ ਕੌਂਸਲ ਵੱਲੋਂ ਮੁਹੱਈਆ ਕਰਾਇਆ ਜਾਂਦਾ ਹੈ, ਜਦੋਂ ਕਿ ਬਾਕੀ ਹਿੱਸਾ ਸਤਵੰਤ ਸਿੰਘ ਅਤੇ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ।