ਸਿੱਖ ਹਮਾਇਤੀ ਟਰੂਡੋ ਦੀ ਅਣਦੇਖੀ ਤੇ ਸਿੱਖ ਵਿਰੋਧੀ ਫ਼ਰਾਂਸੀਸੀ ਰਾਸਟਰਪਤੀ ਦਾ ਸਵਾਗਤ ਕਿਉਂ?

ਖ਼ਬਰਾਂ, ਕੌਮਾਂਤਰੀ

ਪਿਛਲੇ ਦਿਨੀਂ ਭਾਰਤ ਯਾਤਰਾ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਸ ਕਦਰ ਭਾਰਤ ਸਰਕਾਰ ਵੱਲੋਂ ਅਣਦੇਖੀ ਕੀਤੀ ਗਈ, ਉਸ ਤੋਂ ਕਾਫ਼ੀ ਲੋਕ ਨਰਾਜ਼ ਸਨ। ਖ਼ਾਸ ਕਰਕੇ ਸਿੱਖ ਭਾਈਚਾਰੇ ਵਿਚ ਇਸ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ ਸੀ। ਕੈਨੇਡਾ ਵਸਦੇ ਸਿੱਖਾਂ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਦਾ ਹਮਾਇਤੀ ਹੋਣ ਕਰਕੇ ਹੀ ਟਰੂਡੋ ਨਾਲ ਮੋਦੀ ਸਰਕਾਰ ਵੱਲੋਂ ਅਜਿਹਾ ਵਿਵਹਾਰ ਕੀਤਾ ਗਿਆ। 



ਜਦੋਂ ਕਿ ਦੂਜੇ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੀ ਖ਼ੁਸ਼ੀ ਨਾਲ ਗਲ਼ੇ ਲੱਗ ਕੇ ਮਿਲਦੇ ਹਨ।ਟਰੂਡੋ ਦੇ ਭਾਰਤ ਪੁੱਜਣ ਮੌਕੇ ਮੋਦੀ ਸਰਕਾਰ ਆਪਣਾ ਨੁਮਾਇੰਦਾ ਭੇਜ ਕੇ ਸਵਾਗਤ ਦੀ ਮਹਿਜ਼ ਰਸਮ ਪੂਰੀ ਕਰਦੀ ਨਜ਼ਰ ਆਈ ਜਦੋਂ ਕਿ ਹੁਣ ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕ੍ਰੋਨ ਦੇ ਭਾਰਤ ਪੁੱਜਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਵਾਰ-ਵਾਰ ਗਲ਼ੇ ਲੱਗ ਕੇ ਮਿਲਦੇ ਨਜ਼ਰ ਆਏ।



ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਨੂੰ ਲੈ ਕੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਸਿੱਖਾਂ ਦਾ ਕਹਿਣਾ ਹੈ ਕਿ ਫ਼ਰਾਂਸ ਨੇ ਸਿੱਖਾਂ ਦੀ ਪੱਗੜੀ 'ਤੇ ਪਾਬੰਦੀ ਲਗਾਈ ਹੋਈ ਹੈ, ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਜਦੋਂ ਕਿ ਟਰੂਡੋ ਸਿੱਖਾਂ ਦੇ ਹਮਾਇਤੀ ਹਨ, ਇਸ ਕਰਕੇ ਉਨ੍ਹਾਂ ਦੀ ਅਣਦੇਖੀ ਕੀਤੀ ਗਈ। 



ਇਕੱਲੇ ਟਰੂਡੋ ਨੂੰ ਛੱਡ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਸ਼ਹਿਜ਼ਾਦਾ ਨਾਹਿਆਨ ਸਮੇਤ ਕਈ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੇ ਸਵਾਗਤ ਵਿਚ ਕਾਫ਼ੀ ਦਿਲਚਸਪੀ ਦਿਖਾਈ। ਜਦੋਂ ਕਿ ਕੁਝ ਨੇਤਾਵਾਂ ਨੂੰ ਮਿਲਣ ਲਈ ਤਾਂ ਉਨ੍ਹਾਂ ਪ੍ਰੋਟੋਕੋਲ ਤਕ ਤੋੜ ਦਿੱਤਾ। ਰਾਸ਼ਟਰ ਮੁਖੀਆਂ ਦੇ ਸਵਾਗਤ ਨੂੰ ਲੈ ਕੇ ਭਾਵੇਂ ਕਿ ਸਰਕਾਰ ਦੇ ਕੁਝ ਨਿਯਮ ਹੋ ਸਕਦੇ ਹਨ ਪਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਜਸਟਿਨ ਟਰੂਡੋ ਦੀ ਕੀਤੀ ਅਣਦੇਖੀ ਹਮੇਸ਼ਾ ਖਟਕਦੀ ਰਹੇਗੀ।