ਚੰਡੀਗੜ੍ਹ : ਹਰ ਸਾਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਬਾਹਰਲੇ ਮੁਲਕਾਂ ਖ਼ਾਸ ਕਰ ਕੈਨੇਡਾ ਜਾਣ ਦੇ ਚਾਹਵਾਨ ਹੁੰਦੇ ਹਨ ਅਤੇ ਇਸ ਲਈ ਉਹ ਲੱਖਾਂ ਰੁਪਏ ਦਾ ਖ਼ਰਚਾ ਕਰਨ ਤੋਂ ਵੀ ਨਹੀਂ ਝਿਜਕਦੇ। ਇਸ ਬਾਰੇ ਚੰਡੀਗੜ੍ਹ 'ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਵਾਸੀ ਸੈਸ਼ਨ ਦੌਰਾਨ ਇਹ ਕੈਨੇਡਾ ਦੇ ਸੁੱਖੀ ਬਾਠ ਨੇ ਗੱਲ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਜੋ ਹਰ ਸਾਲ ਪੰਜਾਬ ਤੋਂ ਕੈਨੇਡਾ ਜਾਂਦੇ ਹਨ, ਦੀ ਜ਼ਿੰਦਗੀ ਇੰਨੀ ਸੁਖਾਲੀ ਨਹੀਂ ਹੈ। ਉਹਨਾਂ ਆਖਿਆ ਕਿ ਕੈਨੇਡਾ ਵਿਚ ਪੰਜਾਬ ਤੋਂ ਆਏ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਟੀਆਂ ਰਕਮਾਂ ਖ਼ਰਚ ਕੇ ਵਿਦੇਸ਼ ਪੜ੍ਹਾਈ ਕਰਨ ਦਾ ਸੁਪਨਾ ਲੈ ਕੇ ਗਏ ਵਿਦਿਆਰਥੀਆਂ ਨੂੰ ਫ਼ੀਸਾਂ ਦਾ ਖ਼ਰਚਾ ਚੁੱਕਣ 'ਚ ਵੀ ਕਾਫ਼ੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਮਜਬੂਰੀ ਵਿਚ ਵਿਦਿਆਰਥੀਆਂ ਨੂੰ ਗ਼ਲਤ ਰਾਹੇ ਪੈਣਾ ਪੈ ਰਿਹਾ ਹੈ।
ਸੁੱਖੀ ਬਾਠ ਨੇ ਅੱਗੇ ਦੱਸਿਆ ਕਿ ਲਗਭਗ ਇਕ ਲੱਖ ਵਿਦਿਆਰਥੀ ਪੰਜਾਬ ਤੋਂ ਕੈਨੇਡਾ ਗਏ ਹਨ, ਜਿਨ੍ਹਾਂ ਨੇ ਵੱਖ-ਵੱਖ ਸੰਸਥਾਵਾਂ 'ਚ 88 ਹਜ਼ਾਰ ਕਰੋੜ ਰੁਪਏ ਦੀ ਫ਼ੀਸ ਭਰੀ ਹੈ ਪਰ ਇਹਨਾਂ ਫ਼ੀਸਾਂ ਨੂੰ ਭਰਨ ਲਈ ਕਈ ਵਿਦਿਆਰਥੀ ਮਜ਼ਬੂਰੀ ਵਸ ਜਾਂ ਤਾਂ ਗ਼ਲਤ ਰਾਹੇ ਪੈ ਰਹੇ ਹਨ ਜਾਂ ਮਾਨਸਿਕ ਸ਼ਾਂਤੀ ਲਈ ਨਸ਼ੇ ਦਾ ਸਹਾਰਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਬਾਹਰ ਜਾਣ ਦੀ ਕਾਹਲੀ 'ਚ ਕਈ ਨੌਜਵਾਨ ਇਹ ਵੀ ਨਹੀਂ ਪਤਾ ਕਰਦੇ ਕਿ ਉਹ ਜਿਸ ਕਾਲਜ 'ਚ ਜਾਣ ਵਾਲੇ ਹਨ, ਉਹ ਵੈਰੀਫਾਈਡ ਭਾਵ ਅਸਲੀ ਹੈ ਵੀ ਜਾਂ ਨਹੀਂ ਅਤੇ ਉਥੇ ਪਹੁੰਚ ਕੇ ਸਚਾਈ ਦਾ ਪਤਾ ਲੱਗਣ 'ਤੇ ਉਹਨਾਂ ਦਾ ਹੌਂਸਲਾ ਟੁੱਟ ਜਾਂਦਾ ਹੈ। ਇਸ ਤੋਂ ਇਲਾਵਾ ਖ਼ਰਚੇ ਦਾ ਬੋਝ ਵੀ ਉਹਨਾਂ ਦੇ ਹੌਂਸਲਿਆਂ 'ਚ ਤਰੇੜ ਪਾਉਂਦਾ ਹੈ।