ਟਰੰਪ ਦਾ ਫੁਰਮਾਨ ! 6 ਮਹੀਨੇ `ਚ ਭਾਰਤੀ-ਅਮਰੀਕੀ ਕਰਨਗੇ ਵਤਨ ਵਾਪਸੀ...!

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਗ਼ੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਹਜ਼ਾਰਾਂ ਭਾਰਤੀਆਂ ਉਤੇ ਦੇਸ਼ `ਚੋਂ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। 'ਡੈਫਰਡ ਐਕਸ਼ਨ ਫਾਰ ਚਿਲਡਰਨ ਅਰਾਈਵਲ' (ਡਾਕਾ) ਪ੍ਰੋਗਰਾਮ ਨੂੰ ਬਦਲ ਦਿੱਤਾ ਹੈ ਜੋ ਬਾਲ ਉਮਰ ਵਿੱਚ ਅਮਰੀਕਾ ਆਉਣ ਵਾਲੇ ਪਰਵਾਸੀਆਂ ਨੂੰ ਵਰਕ ਪਰਮਿਟ ਦੀ ਆਗਿਆ ਦਿੰਦਾ ਸੀ। 

ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅੱਠ ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀਆਂ ਸਮੇਤ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਅੱਠ ਲੱਖ ਪ੍ਰਵਾਸੀ ਅਮਰੀਕੀ ਪ੍ਰਭਾਵਿਤ ਹੋਣਗੇ। ਸਾਊਥ ਏਸ਼ੀਅਨ ਅਮੈਰਿਕਨਜ਼ ਲੀਡਿੰਗ ਟੂਗੈਦਰ (ਸਾਲਟ) ਦੇ ਅੰਦਾਜ਼ੇ ਮੁਤਾਬਕ ਬਾਲ ਅਵਸਥਾ `ਚ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਕੱਲ੍ਹ `ਡਾਕਾ` ਨੂੰ ਰੱਦ ਕੀਤੇ ਜਾਣ ਦਾ ਐਲਾਨ ਕੀਤਾ। 

ਇਸ ਫ਼ੈਸਲੇ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਹੈ। 'ਸਾਲਟ' ਨੇ ਕਿਹਾ, `5500 ਭਾਰਤੀ ਅਤੇ ਪਾਕਿਸਤਾਨੀਆਂ ਸਮੇਤ 27 ਹਜ਼ਾਰ ਤੋਂ ਵੱਧ ਏਸ਼ੀਅਨ ਅਮੈਰਿਕਨਾਂ ਨੂੰ ਪਹਿਲਾਂ ਹੀ `ਡਾਕਾ` ਬਾਰੇ ਨੋਟਿਸ ਮਿਲ ਚੁੱਕਾ ਹੈ। 17 ਹਜ਼ਾਰ ਭਾਰਤੀਆਂ ਅਤੇ 6 ਹਜ਼ਾਰ ਪਾਕਿਸਤਾਨੀਆਂ ਦੇ `ਡਾਕਾ` ਦੀ ਮਾਰ ਹੇਠ ਆਉਣ ਦੀ ਸੰਭਾਵਨਾ ਹੈ।` `ਸਾਲਟ` ਦੇ ਕਾਰਜਕਾਰੀ ਡਾਇਰੈਕਟਰ ਸੁਮਨ ਰਘੂਨਾਥਨ ਨੇ ਕਿਹਾ, `ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਅੱਠ ਲੱਖ ਵਿਅਕਤੀਆਂ `ਤੇ ਉਸ ਦੇਸ਼ `ਚੋਂ ਕੱਢੇ ਜਾਣ ਦੀ ਤਲਵਾਰ ਲਟਕ ਗਈ ਹੈ, ਜਿਸ ਨੂੰ ਉਹ ਕਦੇ ਆਪਣਾ ਘਰ ਦਸਦੇ ਸਨ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ `ਡਾਕਾ` ਰੱਦ ਕਰਨ ਬਾਰੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ `ਗਲਤ`, `ਆਤਮਘਾਤੀ` ਅਤੇ 'ਬੇਰਹਿਮ' ਦੱਸਿਆ ਹੈ। ਉਨ੍ਹਾਂ ਕਿਹਾ, `ਇਨ੍ਹਾਂ ਜਵਾਨ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕਿਉਂਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ। ਇਹ ਆਤਮਘਾਤੀ ਹੈ ਕਿਉਂਕਿ ਉਹ ਨਵੇਂ ਕਾਰੋਬਾਰ ਸ਼ੁਰੂ ਕਰਨ ਤੋਂ ਇਲਾਵਾ ਸਾਡੀਆਂ ਲੈਬਾਂ, ਸਟਾਫ ਅਤੇ ਫ਼ੌਜ `ਚ ਭਰਤੀ ਹੋ ਕੇ ਸੇਵਾ ਕਰਨੀ ਚਾਹੁੰਦੇ ਹਨ। ਇਹ ਜ਼ਾਲਿਮਾਨਾ ਫ਼ੈਸਲਾ ਹੈ।`