ਟਰੰਪ ਦੇ ਕਾਰਜਕਾਲ ਨੂੰ ਹੋਇਆ ਪੂਰਾ 1 ਸਾਲ, ਭਾਸ਼ਣ ਸੁਣਨ ਲਈ ਲੱਗੀ ਲੋਕਾਂ ਦੀ ਭੀੜ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਅਰਥਵਿਵਸਥਾ ਸ਼ਾਇਦ ਹੁਣ ਤੱਕ ਦੀ ਸਭ ਤੋਂ ਚੰਗੀ ਸਥਿਤੀ ਵਿਚ ਹੈ ਅਤੇ ਦੇਸ਼ ਬਿਹਤਰੀਨ ਕੰਮ ਕਰ ਰਿਹਾ ਹੈ। ਟਰੰਪ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਬੋਲ ਰਹੇ ਸਨ। ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੀਡੀਓ ਕਾਨਫਰੰਸ ਜ਼ਰੀਏ ਨੈਸ਼ਨਲ ਮਾਲ ਵਿਚ 'ਮਾਰਚ ਫਾਰ ਲਾਈਫ' ਦੇ ਪ੍ਰਤੀਭਾਗੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ, ''ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੇ ਮੈਨੂੰ ਕੱਲ ਠੀਕ ਇਕ ਸਾਲ ਹੋ ਜਾਵੇਗਾ ਅਤੇ ਮੈਂ ਕਹਾਂਗਾ ਕਿ ਸਾਡਾ ਦੇਸ਼ ਕਾਫੀ ਚੰਗਾ ਕਰ ਰਿਹਾ ਹੈ। 

ਸਾਡੀ ਅਰਥਵਿਵਸਥਾ ਸ਼ਾਇਦ ਹੁਣ ਤੱਕ ਦੀ ਸਭ ਤੋਂ ਚੰਗੀ ਸਥਿਤੀ ਵਿਚ ਹੈ।''ਦੱਸਣਯੋਗ ਹੈ ਕਿ ਪਿਛਲੇ ਸਾਲ 20 ਜਨਵਰੀ 2017 ਨੂੰ 71 ਸਾਲਾ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਅਮਰੀਕਾ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, ''ਤੁਸੀਂ ਨੌਕਰੀ ਦੀ ਗਿਣਤੀ ਨੂੰ ਦੇਖੋ ਜਾਂ ਸਾਡੇ ਦੇਸ਼ ਵਿਚ ਵਾਪਸ ਆਉਣ ਵਾਲੀਆਂ ਕੰਪਨੀਆਂ ਨੂੰ ਦੇਖੋ, ਤੁਸੀਂ ਸਟਾਕ ਮਾਰਕਿਟ ਨੂੰ ਦੇਖੋ ਜੋ ਸਭ ਤੋਂ ਉੱਚਾਈ 'ਤੇ ਹੈ, ਬੇਰੋਜ਼ਗਾਰੀ ਪਿਛਲੇ 17 ਸਾਲਾਂ ਤੋਂ ਹੇਠਲੇ ਪੱਧਰ 'ਤੇ ਹੈ।'' 

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਾਰਜਭਾਰ ਸੰਭਾਲਣ ਦੇ ਇਕ ਹਫਤੇ ਦੇ ਅੰਦਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰੀਗਨ ਵਲੋਂ ਪਹਿਲੀ ਵਾਰ ਲਾਗੂ ਕੀਤੇ ਮੈਕਸੀਕੋ ਸਿਟੀ ਨੀਤੀ ਨੂੰ ਮੁੜ ਤੋਂ ਬਹਾਲ ਕੀਤਾ। ਨੈਸ਼ਨਲ ਮਾਲ ਵਿਚ ਵੱਡੀ ਸਕ੍ਰੀਨ 'ਤੇ ਟਰੰਪ ਦਾ ਭਾਸ਼ਣ ਹਜ਼ਾਰਾਂ ਲੋਕ ਸੁਣ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਆਜ਼ਾਦੀ ਅਤੇ ਗਰਭਪਾਤ ਵਰਗੇ ਮੁੱਦਿਆਂ ਦੀ ਵੀ ਚਰਚਾ ਕੀਤੀ।