ਟਰੰਪ ਦੀ ਚਿਤਾਵਨੀ ਤੋਂ ਬਾਅਦ ਅਮਰੀਕਾ ਦੀ ਕਾਰਵਾਈ, ਪਾਕਿ 'ਚ ਕੀਤਾ ਡ੍ਰੋਨ ਹਮਲਾ

ਖ਼ਬਰਾਂ, ਕੌਮਾਂਤਰੀ

ਪੇਸ਼ਾਵਰ : ਪਾਕਿਸਤਾਨ ਦੀ ਵਿੱਤੀ ਸਹਾਇਤ ਰੋਕਣ ਤੋਂ ਬਾਅਦ ਹੁਣ ਅਮਰੀਕਾ ਨੇ ਪਾਕਿਸਤਾਨੀ ਅੱਤਵਾਦੀਆਂ ਦੇ ਖਿ਼ਲਾਫ਼ ਖ਼ੁਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਸਕਦਾ ਹੈ। ਅਮਰੀਕਾ ਨੇ ਬੁੱਧਵਾਰ ਨੂੰ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਡ੍ਰੋਨ ਨਾਲ ਹਮਲੇ ਕਰਕੇ ਹੱਕਾਨੀ ਨੈੱਟਵਰਕ ਦੇ ਦੋ ਕਮਾਂਡਰਾਂ ਸਮੇਤ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉੱਥੇ ਇਸ ਮਾਮਲੇ ਵਿਚ ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦੀ ਜ਼ਮਨ 'ਤੇ ਡ੍ਰੋਨ ਹਮਲੇ ਉਸ ਦੀ ਸੰਪ੍ਰਭੂਤਾ ਦਾ ਉਲੰਘਣ ਹੈ। 

ਦੱਸ ਦੇਈਏ ਕਿ ਪਾਕਿਸਤਾਨ ਦਾ ਇਹ ਖੇਤਰ ਅਫਗਾਨਿਸਤਾਨ ਸਰਹੱਦ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨੀ ਅਖ਼ਬਾਰ ਦੇ ਮੁਤਾਬਕ ਬੁੱਧਵਾਰ ਨੂੰ ਸਪੀਨ ਥਾਲ ਖੇਤਰ ਵਿਚ ਇੱਕ ਮਕਾਨ 'ਤੇ ਡ੍ਰੋਨ ਨਾਲ ਦੋ ਮਿਜ਼ਾਈਲਾਂ ਦਾਗ਼ੀਆਂ ਗਈਆਂ। ਇਸ ਹਮਲੇ ਵਿਚ ਹੱਕਾਨੀ ਨੈੱਟਵਰਕ ਦਾ ਕਮਾਂਡਰ ਅਹਿਸਾਨ ਉਰਫ਼ ਖਵਾਰੀ ਅਤੇ ਉਸ ਦੇ ਦੋ ਸਾਥੀ ਮਾਰੇ ਗਏ। ਇਹ ਹਮਲੇ ਅਮਰੀਕੀ ਜਾਸੂਸੀ ਜਹਾਜ਼ ਦੇ ਜ਼ਰੀਏ ਸ਼ਰਨਾਰਥੀਆਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ।

ਇੱਕ ਏਜੰਸੀ ਦੇ ਸੂਤਰਾਂ ਮੁਤਾਬਕ ਹੱਕਾਨੀ ਨੈੱਟਵਰਕ ਦੇ ਟਿਕਾਣਿਆਂ 'ਤੇ ਹਮਲੇ ਕੀਤੇ ਗਏ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਇਸ ਸਾਲ ਦੇ ਪਹਿਲੇ ਡ੍ਰੋਨ ਹਮਲੇ ਵਿਚ ਬ਼ਾਦਸ਼ਾਹ ਕੋਟ ਇਲਾਕੇ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਪਿਛਲੇ ਸਾਲ ਅਗਸਤ ਵਿਚ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਅਫਗਾਨ ਨੀਤੀ ਤੋਂ ਬਾਅਦ ਡ੍ਰੋਨ ਹਮਲਿਆਂ ਵਿਚ ਤੇਜ਼ੀ ਆਈ ਹੈ। ਇਸ ਨੀਤੀ ਵਿਚ ਪਾਕਿਸਤਾਨ 'ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 2016 ਵਿਚ ਅਜਿਹੇ ਹਮਲੇ ਵਿਚ ਤਾਲਿਬਾਨ ਦਾ ਵੱਡਾ ਅੱਤਵਾਦੀ ਮੁੱਲਾ ਅਖ਼ਤਰ ਮਨਸੂਰ ਮਾਰਿਆ ਗਿਆ ਸੀ।