ਵਾਸ਼ਿੰਗਟਨ, 12 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ਼ਬੀਆਈ ਏਜੰਟ ਪੀਟਰ ਸਟਰੋਕ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਵਿਸ਼ੇਸ਼ ਕੌਂਸਲ ਰੋਬਰਟ ਮੂਲਰ ਦੀ ਟੀਮ ਨਾਲ ਕੰਮ ਕਰਦੇ ਹੋਏ ਉਨ੍ਹਾਂ ਨੇ ਅਮਰੀਕਾ ਨਾਲ ਦੇਸ਼ਧ੍ਰੋਹ ਕੀਤਾ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਦਾਅਵਾ ਕੀਤਾ ਗਿਆ।
ਐਫ਼ਬੀਆਈ ਏਜੰਟ ਪੀਟਰ ਸਟਰੋਕ ਨੂੰ ਇਕ ਹੋਰ ਐਫ਼ਬੀਆਈ ਏਜੰਟ ਲੀਜ਼ਾ ਪੇਜ ਨੂੰ ਟਰੰਪ ਵਿਰੋਧੀ ਸੰਦੇਸ਼ ਭੇਜਣ ਦੇ ਦੋਸ਼ ਵਿਚ ਪਿਛਲੀਆਂ ਗਰਮੀਆਂ ਵਿਚ ਮੂਲਰ ਦੀ ਜਾਂਚਕਰਤਾ ਟੀਮ ਤੋਂ ਹਟਾ ਦਿਤਾ ਗਿਆ ਸੀ। ਲੀਜ਼ਾ ਅਤੇ ਪੀਟਰ ਵਿਚਾਲੇ ਕਥਿਤ ਤੌਰ 'ਤੇ ਪ੍ਰੇਮ ਸਬੰਧ ਸਨ। ਪੀਟਰ ਨੇ ਸੰਦੇਸ਼ ਵਿਚ ਲਿਖਿਆ ਸੀ ਕਿ ਟਰੰਪ ਦੇ ਚੁਣੇ ਜਾਣ ਦੀ ਕੋਈ ਉਮੀਦ ਨਹੀਂ ਹੈ ਪਰ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਸਾਨੂੰ ਬੀਮਾ-ਯੋਜਨਾ ਦੀ ਲੋੜ ਹੋਵੇਗੀ ਕਿਉਂਕਿ ਅਸੀਂ ਇਹ ਜ਼ੋਖ਼ਮ ਨਹੀਂ ਲੈ ਸਕਦੇ।