ਵਾਸ਼ਿੰਗਟਨ- ਮੰਗਲਵਾਰ ਦਾ ਦਿਨ ਉਨ੍ਹਾਂ ਪ੍ਰਵਾਸੀਆਂ ਲਈ ਫੈਸਲੇ ਦਾ ਦਿਨ ਹੋਵੇਗਾ ਜੋ ਬਚਪਨ 'ਚ ਬਿਨ੍ਹਾਂ ਗਲਤੀ ਦੇ ਅਮਰੀਕਾ 'ਚ ਦਾਖਲ ਹੋ ਗਏ ਸਨ ਅਤੇ ਹੁਣ ਉੱਥੇ ਹੀ ਕੰਮ ਕਰਨਾ ਚਾਹੁੰਦੇ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਉਨ੍ਹਾਂ ਲੱਖਾਂ ਪ੍ਰਵਾਸੀ ਨੌਜਵਾਨਾਂ ਦੀ ਕਿਸਮਤ ਦਾ ਫੈਸਲਾ ਸੁਣਾਉਣਗੇ, ਜਿਨ੍ਹਾਂ ਨੂੰ ਬਚਪਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਂਦਾ ਗਿਆ ਸੀ। ਰਾਸ਼ਟਰਪਤੀ ਨੇ ਇਨ੍ਹਾਂ ਪ੍ਰਵਾਸੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।
ਟਰੰਪ ਨੇ ਅਜਿਹੇ ਲਗਭਗ 8 ਲੱਖ ਨੌਜਵਾਨਾਂ ਲਈ 'ਸੁਪਨੇ ਦੇਖਣ ਵਾਲੇ ਭਾਵ ਡ੍ਰੀਮਰਜ਼' ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ,''ਅਸੀਂ ਸੁਪਨੇ ਦੇਖਣ ਵਾਲਿਆਂ ਨਾਲ ਪਿਆਰ ਕਰਦੇ ਹਾਂ, ਅਸੀਂ ਸਭ ਨਾਲ ਪਿਆਰ ਕਰਦੇ ਹਾਂ।'' ਇਹ ਉਹ ਲੋਕ ਹਨ ਜਿਨ੍ਹਾਂ ਨੂੰ ਓਬਾਮਾ ਪ੍ਰਸ਼ਾਸਨ ਦੇ ਡੀ.ਐੱਸ.ਏ.(ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਤਹਿਤ ਕੱਢੇ ਜਾਣ ਦੇ ਕੁੱਝ ਸਮੇਂ ਤਕ ਅਸਥਾਈ ਵਰਕ ਪਰਮਿਟ ਦਿੱਤੇ ਗਏ ਸਨ। ਡੀ.ਐੱਸ.ਏ. ਨੂੰ ਲੈ ਕੇ ਉਹ ਮੁਸ਼ਕਿਲ 'ਚ ਹਨ। ਰੀਪਬਲਿਕਨ ਸੰਸਦ ਮੈਂਬਰਾਂ ਨੇ ਮੰਗਲਵਾਰ ਤਕ ਦੀ ਤਰੀਕ ਨਿਸ਼ਚਿਤ ਕੀਤੀ ਹੈ। ਉਹ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਟਰੰਪ ਉਸ ਦਿਨ ਤਕ ਇਸ ਨੂੰ ਖਤਮ ਨਹੀਂ ਕਰਦੇ ਤਾਂ ਉਹ ਇਸ ਪ੍ਰੋਗਰਾਮ ਨੂੰ ਅਦਾਲਤ 'ਚ ਚੁਣੌਤੀ ਦੇਣਗੇ।
ਡੀ.ਐੱਸ.ਏ. ਦੇ ਕਈ ਪੈਰੋਕਾਰ ਉਮੀਦ ਕਰ ਰਹੇ ਹਨ ਕਿ ਰਾਸ਼ਟਰਪਤੀ ਟਰੰਪ ਇਸ ਪ੍ਰੋਗਰਾਮ ਤਹਿਤ ਇਕ ਨਵਾਂ ਵਰਕ ਪਰਮਿਟ ਜਾਰੀ ਕਰਨ 'ਤੇ ਰੋਕ ਲਗਾ ਦੇਣਗੇ ਅਤੇ ਫਿਰ ਇਸ ਪ੍ਰੋਗਰਾਮ ਨੂੰ ਅਸਥਾਈ ਢੰਗ ਨਾਲ ਹਟਾ ਦੇਣਗੇ। ਰੀਪਬਲਿਕਨ ਸੈਨੇਟਰ ਔਰਿਨ ਹੈਚ ਨੇ ਟਰੰਪ ਨੂੰ ਅਪੀਲ ਕੀਤੀ ਹੈ, ਉਨ੍ਹਾਂ ਕਿਹਾ, ''ਉਹ ਬਚਪਨ 'ਚ ਆਪਣੀ ਗਲਤੀ ਦੇ ਬਿਨ੍ਹਾਂ ਗਲਤ ਢੰਗ ਨਾਲ ਸਾਡੇ ਦੇਸ਼ 'ਚ ਦਾਖਲ ਹੋ ਕੇ ਆਪਣਾ ਜੀਵਨ ਸ਼ੁਰੂ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਯਤਨਾਂ ਨੂੰ ਰੱਦ ਨਾ ਕਰਨ।'' ਇਸ ਤਰ੍ਹਾਂ ਲਗਭਗ 800,000 ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਇਆ ਜਾ ਸਕਦਾ ਹੈ। ਇਸ 'ਚ ਉਹ ਲੋਕ ਵੀ ਸ਼ਾਮਿਲ ਹਨ ਜੋ 'ਡ੍ਰੀਮਰਜ਼' ਹਨ ਅਤੇ ਕੰਮ ਕਰਨ ਦੀ ਇਜਾਜ਼ਤ ਪਾਉਣ ਯੋਗ ਹੈ।