ਨਵੀਂ ਦਿੱਲੀ : 7 ਦਿਨਾਂ ਦੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮਤਲਬ ਕਿ ਐਤਵਾਰ ਨੂੰ ਪਰਿਵਾਰ ਸਮੇਤ ਆਗਰਾ ਪੁੱਜਣਗੇ ਅਤੇ ਇੱਥੇ ਮੁਹੱਬਤ ਦੀ ਨਿਸ਼ਾਨੀ ''ਤਾਜਮਹਿਲ ਦਾ ਦੀਦਾਰ ਕਰਨਗੇ। ਟਰੂਡੋ ਸਵੇਰੇ 9 ਵਜੇ ਜਹਾਜ਼ ਰਾਹੀਂ ਆਗਰਾ ਲਈ ਰਵਾਨਾ ਹੋਣਗੇ ਤਾਜਮਹਿਲ ਪੁੱਜਣਗੇ। ਵੀ. ਵੀ. ਆਈ. ਪੀ. ਵਿਜ਼ਿਟ ਕਾਰਨ ਤਾਜਮਹਿਲ ਨੂੰ ਆਮ ਜਨਤਾ ਲਈ 2 ਘੰਟੇ ਬੰਦ ਰੱਖਿਆ ਗਿਆ ਹੈ।
ਇਸ ਦੇ ਲਈ ਸੁਰੱਖਿਆ ਪ੍ਰਬੰਧ ਪੂਰੇ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ। ਤਾਜਮਹਿਲ ਦੇ ਟਿਕਟ ਕਾਊਂਟਰ ਖਿੜਕੀਆਂ ਇਕ ਘੰਟਾ ਪਹਿਲਾਂ ਮਤਲਬ 8.40 ਵਜੇ ਹੀ ਬੰਦ ਕਰ ਦਿੱਤੀਆਂ ਜਾਣਗੀਆਂ। ਫਿਰ ਜਸਟਿਨ ਟਰੂਡੋ ਦੇ ਵਾਪਸ ਜਾਣ ਤੱਕ ਤਾਜਮਹਿਲ ਬੰਦ ਰਹੇਗਾ।
ਐਤਵਾਰ ਹੋਣ ਕਾਰਨ ਪ੍ਰਧਾਨ ਮੰਤਰੀ ਟਰੂਡੋ ਦਾ ਇਹ ਦੌਰਾ ਆਮ ਸੈਲਾਨੀਆਂ ਨੂੰ ਪਰੇਸ਼ਾਨ ਕਰੇਗਾ ਕਿਉਂਕਿ ਵੱਡੀ ਗਿਣਤੀ 'ਚ ਸੈਲਾਨੀ ਗੱਡੀਆਂ ਅਤੇ ਟੇਰਨਾਂ ਰਾਹੀਂ ਤਾਜਮਹਿਲ ਦਾ ਦੀਦਾਰ ਕਰਨ ਲਈ ਇੱਥੇ ਪੁੱਜਦੇ ਹਨ।
ਇਸ ਤੋਂ ਇਲਾਵਾ ਐਕਸਪ੍ਰੈੱਸ ਵੇਅ ਰਾਹੀਂ ਵੀ ਸੈਲਾਨੀ ਉਸ ਸਮੇਂ ਆਗਰਾ ਪੁੱਜਦੇ ਹਨ। ਟਰੂਡੋ ਦੇ ਆਉਣ ਕਾਰਨ ਸੈਲਾਨੀਆਂ ਨੂੰ ਦੁਪਹਿਰ ਤੱਕ ਪਰੇਸ਼ਾਨੀ ਹੋ ਸਕਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਤਾਜ ਦੀਦਾਰ ਲਈ ਸਮਾਰਕ 2 ਘੰਟੇ ਪਹਿਲਾਂ ਤੋਂ ਹੀ ਬੰਦ ਰਹੇਗਾ।
ਇਸ ਜਾਣਕਾਰੀ ਤੋਂ ਬਾਅਦ ਟੂਰ ਆਪਰੇਟਰਾਂ ਨੇ ਗਰੁੱਪ ਦੇ ਪ੍ਰੋਗਰਾਮਾਂ 'ਚ ਬਦਲਾਅ ਕੀਤਾ ਹੈ, ਜਿਸ ਕਾਰਨ ਉਹ ਦਿੱਲੀ ਤੋਂ ਆਗਰਾ ਆਉਣ ਵਾਲੇ ਸੈਲਾਨੀਆਂ ਨੂੰ ਪਹਿਲਾਂ ਆਗਰਾ ਕਿਲਾ ਅਤੇ ਫਤਿਹਪੁਰ ਸੀਕਰੀ ਦਿਖਾਉਣਗੇ।
ਫਿਰ ਦੁਪਹਿਰ ਨੂੰ ਟਰੂਡੋ ਦੇ ਵਾਪਸ ਜਾਣ ਤੋਂ ਬਾਅਦ ਸੈਲਾਨੀ ਤਾਜਮਹਿਲ ਦਾ ਦੀਦਾਰ ਕਰ ਸਕਣਗੇ। ਤਾਜਮਹਿਲ ਦੇਖਣ ਤੋਂ ਬਾਅਦ ਟਰੂਡੋ ਮੁਥਰਾ ਜਾਣਗੇ, ਜਿੱਥੇ ਉਹ ਵਾਈਲਡ ਲਾਈਫ ਦੇ ਨਜ਼ਾਰੇ ਲੈਣਗੇ।